ਅਮਰਾਵਤੀ— ਮਹਾਰਾਸ਼ਟਰ ਦੇ ਅਮਰਾਵਤੀ ‘ਚ ਤਿਵਸਾ ਤੋਂ ਕਾਂਗਰਸ ਵਿਧਾਇਕ ਯਸ਼ੋਮਤੀ ਠਾਕੁਰ ਸੋਮਵਾਰ ਨੂੰ ਜਲ ਸਰੋਤਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੀ ਸੀ। ਮੀਟਿੰਗ ਦੌਰਾਨ ਕਾਫੀ ਕਾਂਗਰਸ ਸਮਰਥਕ ਮੌਜੂਦ ਸਨ, ਉਦੋਂ ਵਿਧਾਇਕ ਯਸ਼ੋਮਤੀ ਨੇ ਨਾਅਰੇਬਾਜ਼ੀ ਵੀ ਕੀਤੀ, ਗੁੱਸਾ ਵੀ ਦਿਖਾਇਆ। ਇਹੀ ਨਹੀਂ, ਇਕ ਅਧਿਕਾਰੀ ਨੂੰ ਗਾਲ੍ਹ ਵੀ ਕੱਢ ਦਿੱਤੀ। ਵੀਡੀਓ ਵਾਇਰਲ ਹੋਇਆ ਤਾਂ ਕਾਂਗਰਸ ਦੀ ਮਹਿਲਾ ਵਿਧਾਇਕ ਦੇ ਇਸ ਰਵੱਈਏ ‘ਤੇ ਪਾਰਟੀ ਦਾ ਮਜ਼ਾਕ ਬਣਨ ਲੱਗਾ ਤਾਂ ਉਨ੍ਹਾਂ ਨੇ ਮਾਮਲੇ ‘ਤੇ ਸਫ਼ਾਈ ਦੇ ਦਿੱਤੀ। ਯਸ਼ੋਮਤੀ ਠਾਕੁਰ ਦਾ ਕਹਿਣਾ ਹੈ,”ਅਧਿਕਾਰੀਆਂ ਨੂੰ ਪਾਣੀ ਦੇਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਕਾਰਨ ਮੈਨੂੰ ਗੁੱਸਾ ਆ ਗਿਆ। ਅਸੀਂ 2 ਹਫਤਿਆਂ ਤੋਂ ਪਾਣੀ ਛੱਡਣ ਦੀ ਮੰਗ ਕਰ ਰਹੇ ਹਾਂ। ਕਲੈਕਟਰ ਨੇ ਵੀ ਪਾਣੀ ਛੱਡਣ ਦੇ ਆਦੇਸ਼ ਦਿੱਤੇ ਹਨ ਪਰ ਇਸ ‘ਤੇ ਭਾਜਪਾ ਵਿਧਾਇਕ ਨੇ ਦਖਲਅੰਦਾਜ਼ੀ ਕੀਤੀ ਹੈ।”
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਮੀਟਿੰਗ ਦੌਰਾਨ ਕਾਂਗਰਸ ਵਿਧਾਇਕ ਯਸ਼ੋਮਤੀ ਠਾਕੁਰ ਨੇ ਸਿਰਫ ਗਾਲ੍ਹਾਂ ਹੀ ਨਹੀਂ ਸਗੋਂ ਭੰਨ-ਤੋੜ ਵੀ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਲੋਕਾਂ ਨੇ ਯਸ਼ੋਮਤੀ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਤੇਜ਼ ਆਵਾਜ਼ ‘ਚ ਅਧਿਕਾਰੀਆਂ ‘ਤੇ ਦੋਸ਼ ਲਗਾਉਣ ਦੇ ਨਾਲ ਉਨ੍ਹਾਂ ਨੂੰ ਧਮਕਾਉਂਦੀ ਰਹੀ।