ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਤਿੰਨ ਤਲਾਕ ਬਿੱਲ ਮਨੁੱਖਤਾ ਦੇ ਆਧਾਰ ‘ਤੇ ਲਿਆਂਦਾ ਗਿਆ ਹੈ ਅਤੇ ਇਸ ਦਾ ਮਕਸਦ ਮੁਸਲਿਮ ਔਰਤਾਂ ਨੂੰ ਨਿਆਂ ਦੇਣਾ ਹੈ। ਭਾਜਪਾ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੈ ਸਗੋਂ ਉਨ੍ਹਾਂ ਨੂੰ ਵਿਕਾਸ ਦੇ ਰਸਤੇ ‘ਤੇ ਅੱਗੇ ਵਧਾਉਣ ਦੇ ਪੱਖ ‘ਚ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਕੁਰੀਤੀਆਂ (ਬੁਰਾਈਆਂ) ਨੂੰ ਖਤਮ ਕਰਨਾ ਹੈ ਅਤੇ ਤਿੰਨ ਤਲਾਕ ਇਸੇ ਕ੍ਰਮ ‘ਚ ਮੁਸਲਿਮ ਸਮਾਜ ‘ਚ ਔਰਤਾਂ ਨਾਲ ਹੋਣ ਵਾਲੇ ਅਨਿਆਂ ਨੂੰ ਖਤਮ ਕਰਨ ਲਿਆਂਦਾ ਗਿਆ ਹੈ। ਤਰੱਕੀਸ਼ੀਲ ਸਮਾਜ ਨੂੰ ਇਸ ਤਰ੍ਹਾਂ ਦੇ ਕਦਮਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਹਰ ਧਰਮ ਅਤੇ ਹਰ ਭਾਈਚਾਰੇ ‘ਚ ਕੁਝ ਬੁਰਾਈਆਂਹੁੰਦੀਆਂ ਹਨ। ਉਨ੍ਹਾਂ ‘ਚ ਸੁਧਾਰ ਲਿਆਉਣ ਦੀ ਲੋੜ ਹੈ ਅਤੇ ਤਿੰਨ ਤਲਾਕ ਬਿੱਲ ਵੀ ਉਸੇ ਸਿਲਸਿਲੇ ਦੀ ਇਕ ਕੜੀ ਹੈ। ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਸਮਾਜਿਕ ਵਿਕਾਸ ਲਈ ਤਰੱਕੀਸ਼ੀਲ ਅੰਦੋਲਨ ਨੂੰ ਮਜ਼ਬੂਤ ਬਣਾਉਣ ਅਤੇ ਸਾਰੇ ਵਰਗਾਂ ਦਾ ਹਿੱਤ ਸਾਧਨਾ ਰਿਹਾ ਹੈ।

ਕੇਂਦਰੀ ਮੰਤਰੀ ਨੇ ਵਿਰੋਧੀ ਦਲਾਂ ‘ਤੇ ਘੱਟ ਗਿਣਤੀ ਭਾਈਚਾਰੇ ‘ਚ ਡਰ ਪੈਦਾ ਕਰ ਕੇ ਉਸ ਦਾ ਫਾਇਦਾ ਚੁੱਕਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸਮਾਜ ‘ਚ ਮੌਜੂਦ ਰੂੜੀਵਾਦੀ ਪਰੰਪਰਾਵਾਂ ਨੂੰ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਸਰਕਾਰ ਨੇ ਤਿੰਨ ਤਲਾਕ ਦੀ ਕੁਪ੍ਰਥਾ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ ਪਰ ਕਾਂਗਰਸ ਅਤੇ ਹੋਰ ਵਿਰੋਧੀ ਦਲ ਇਸ ਨੂੰ ਲੈ ਕੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਮੁਸਲਮਾਨਾਂ ਵਿਰੁੱਧ ਨਹੀਂ ਸਗੋਂ ਅੱਤਵਾਦੀਆਂ ਵਿਰੁੱਧ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਕਾਂਗਰਸ ਦੇ 50 ਸਾਲ ਦੇ ਸ਼ਾਸਨ ‘ਚ ਮੁਸਲਮਾਨਾਂ ਨੂੰ ਕੀ ਮਿਲਿਆ ਹੈ। ਉਨ੍ਹਾਂ ਨੂੰ ਕਾਰੀਗਰੀ, ਮਿਸਤਰੀਗਿਰੀ ਆਦਿ ਛੋਟੇ-ਮੋਟੇ ਕੰਮਾਂ ਤੱਕ ਹੀ ਸੀਮਿਤ ਰੱਖਿਆ ਗਿਆ। ਸਿੱਖਿਆ, ਗਿਆਨ-ਵਿਗਿਆਨ, ਸੋਧ ਅਤੇ ਖੋਜ ਆਦਿ ਖੇਤਰਾਂ ‘ਚ ਮੁਸਲਮਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ।