ਨਵੀਂ ਦਿੱਲੀ— ਪੂਰਬੀ ਦਿੱਲੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਉਮੀਦਵਾਰ ਆਤਿਸ਼ੀ ਵਿਰੁੱਧ ਇਤਰਾਜ਼ਯੋਗ ਪਰਚੇ ਵੰਡੇ ਜਾਣ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਇਸੇ ਸੀਟ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਆਤਿਸ਼ੀ ਵਿਰੁੱਧ ਮਾਣਹਾਨੀ ਦਾ ਨੋਟਿਸ ਦਿੱਤਾ ਹੈ।
ਇਸ ‘ਤੇ ਸਿਸੋਦੀਆ ਨੇ ਟਵੀਟ ਕੀਤਾ,”ਗੌਤਮ ਗੰਭੀਰ ਚੋਰੀ ਅਤੇ ਸੀਨਾਜ਼ੋਰੀ? ਇਸ ਘਿਨਾਉਣੀ ਹਰਕਤ ਲਈ ਤੈਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਮਾਣਹਾਨੀ ਦੀ ਧਮਕੀ ਦੇ ਰਹੇ ਹੋ। ਉਲਟਾ ਚੋਰ ਕੋਤਵਾਲ ਨੂੰ ਡਾਂਟੇ? ਮਾਣਹਾਨੀ ਅਸੀਂ ਕਰਾਂਗੇ। ਤੇਰੀ ਹਿੰਮਤ ਕਿਵੇਂ ਹੋਈ ਇਹ ਪਰਚਾ ਵੰਡਣ ਦੀ ਅਤੇ ਬੇਸ਼ਰਮੀ ਨਾਲ ਉਸ ਦਾ ਝੂਠਾ ਇਲਜ਼ਾਮ ਮੁੱਖ ਮੰਤਰੀ ‘ਤੇ ਲਗਾਉਣ ਦੀ। ਪੂਰਬੀ ਦਿੱਲੀ ਦੇ ਲੋਕ ਮੈਨੂੰ ਅਤੇ ਆਤਿਸ਼ੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਪਰਚੇ ਤੇਰੇ ਵਲੋਂ ਹੀ ਵੰਡੇ ਗਏ। ਇਹੀ ਤੇਰਾ ਚਰਿੱਤਰ ਹੈ।”
ਗੰਭੀਰ ਨੇ ਕਿਹਾ,”ਜੋ ਵੀ ਹੋਇਆ, ਮੈਂ ਉਸ ਦੀ ਨਿੰਦਾ ਕਰਦਾ ਹਾਂ। ਮੈਂ ਉਸ ਪਰਿਵਾਰ ਤੋਂ ਆਉਂਦਾ ਹਾਂ, ਜਿੱਥੇ ਮੈਨੂੰ ਔਰਤਾਂ ਦੀ ਇੱਜ਼ਤ ਕਰਨੀ ਸਿਖਾਈ ਗਈ ਹੈ। ਮੈਨੂੰ ਨਹੀਂ ਪਤਾ ਸੀ ਕਿ ਅਰਵਿੰਦ ਕੇਜਰੀਵਾਲ ਇੰਨੇ ਹੇਠਾਂ ਚੱਲੇ ਜਾਣਗੇ। ਇਸ ਲਈ ਮੈਂ ਮਾਣਹਾਨੀ ਦਾ ਕੇਸ ਕੀਤਾ ਹੈ। ਅਸੀਂ ਇਸ ਹੱਦ ਤੱਕ ਕਦੇ ਨਹੀਂ ਡਿੱਗ ਸਕਦੇ, ਜਿੱਥੇ ਤੱਕ ‘ਆਪ’ ਨੇਤਾ ਜਾ ਰਹੇ ਹਨ।”