ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਮਾਮਲੇ ‘ਚ ਬ੍ਰਿਟਿਸ਼ ਨਾਗਰਿਕ ਕ੍ਰਿਸ਼ਚੀਅਨ ਮਿਸ਼ੇਲ ਦੇ ਵਪਾਰਕ ਸਹਿਯੋਗੀ ਅਤੇ ਕਥਿਤ ਵਿਚੋਲੇ ਡੇਵਿਡ ਨਿਗੇਜ ਜਾਨ ਸਿਮਸ ਵਿਰੁੱਧ ਨਵੇਂ ਸੰਮਨ ਜਾਰੀ ਕੀਤੇ। ਜੱਜ ਅਰਵਿੰਦ ਕੁਮਾਰ ਨੇ ਦੋਸ਼ ਪੱਤਰ ‘ਚ ਉਨ੍ਹਾਂ ਦਾ ਨਾਂ ਬਤੌਰ ਦੋਸ਼ੀ ਹੋਣ ਕਾਰਨ ਉਸ ਨੂੰ ਕੋਰਟ ‘ਚ ਹਾਜ਼ਰ ਹੋਣ ਦਾ ਆਦੇਸ਼ ਦਿੱਤਾ। ਦੋਸ਼ ਪੱਤਰ ‘ਚ ਸਿਮਸ ਅਤੇ 2 ਕੰਪਨੀਆਂ- ਗਲੋਬਲ ਸਰਵਿਸੇਜ਼ ਐੱਫ.ਜੈੱਡ.ਈ. ਅਤੇ ਗਲੋਬਲ ਟਰੇਡਜ਼ ਦੇ ਨਾਂਵਾਂ ਦਾ ਵੀ ਜ਼ਿਕਰ ਹੈ।
ਸਿਮਸ ਅਤੇ ਮਿਸ਼ੇਲ ਦੋਵੇਂ ਇਨ੍ਹਾਂ 2 ਕੰਪਨੀਆਂ ‘ਚ ਨਿਰਦੇਸ਼ਕ ਹਨ। ਦੁਬਈ ਤੋਂ ਲਿਆਉਣ ਤੋਂ ਬਾਅਦ ਮਿਸ਼ੇਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪਿਛਲੇ ਸਾਲ 22 ਦਸੰਬਰ ਨੂੰ ਗ੍ਰਿਫਤਾਰ ਕੀਤਾ ਸੀ। ਡਾਇਰੈਕਟੋਰੇਟ ਅਤੇ ਸੀ.ਬੀ.ਆਈ. ਇਸ ਹੈਲੀਕਾਪਟਰ ਘਪਲੇ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਸੌਦੇ ‘ਚ ਉਹ ਇਸ ‘ਚ ਸ਼ਾਮਲ ਤਿੰਨ ਵਿਚੌਲਿਆਂ ‘ਚੋਂ ਇਕ ਹੈ। ਇਸ ਤੋਂ ਇਲਾਵਾ 2 ਹੋਰ ਦੋਸ਼ੀ ਗੁਈਡੋ ਹੈਸ਼ਕੇ ਅਤੇ ਕਾਰਲੋ ਗੈਰੋਸਾ ਹਨ।