ਸਿਰਸਾ—ਹਰਿਆਣਾ ਦੇ ਸਿਰਸਾ ਜ਼ਿਲੇ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਅਸ਼ੋਕ ਤੰਵਰ ਲਈ ਪ੍ਰਚਾਰ ਕਰਨ ਪਹੁੰਚੇ। ਇੱਥੇ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਝੂਠਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮੈਂ ਸਿਰਸਾ ਦੀ ਜਨਤਾ ਅਤੇ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੋਦੀ ਨਕਲੀ ਵਾਅਦੇ ਕਰਦੈ, ਜੋ ਕਦੀ ਵੀ ਪੂਰੇ ਨਹੀਂ ਹੋਣਗੇ। 15 ਲੱਖ ਨਹੀਂ ਆਉਣ ਵਾਲੇ ਹਨ ਪਰ ਮੇਰਾ ਵਾਅਦਾ ਹੈ ਕਿ 72,000 ਰੁਪਏ ਜ਼ਰੂਰ ਆਉਣਗੇ।
ਰਾਹੁਲ ਗਾਂਧੀ ਨੇ ਅਨਿਲ ਅੰਬਾਨੀ ਨੂੰ ਵੀ ਚੋਰ ਦੱਸਦਿਆਂ ਹੋਇਆ ਕਿਹਾ ਕਿ ਅਨਿਲ ਅੰਬਾਨੀ ਨੇ ਕਦੀ ਜਹਾਜ਼ ਤੱਕ ਨਹੀਂ ਬਣਾਇਆ। ਭਾਜਪਾ ਸਰਕਾਰ ਨੇ ਉਸ ਨੂੰ ਰਾਫੇਲ ਬਣਾਉਣ ਦਾ ਕੰਟ੍ਰੈਕਟ ਦੇ ਦਿੱਤਾ, ਜੋ ਕਿ ਗਲਤ ਹੈ। ਇਸ ਮਾਮਲੇ ‘ਚ ਜੋ ਵੀ ਘਪਲੇ ਹੋਏ ਹਨ ਉਸ ਦਾ ਸੱਚ ਜਲਦੀ ਹੀ ਲੋਕਾਂ ਸਾਹਮਣੇ ਆ ਜਾਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਦੋ ਬਜਟ ਪੇਸ਼ ਕੀਤੇ ਜਾਣਗੇ। ਇੱਕ ਨੈਸ਼ਨਲ ਬਜਟ ਅਤੇ ਦੂਜਾ ਕਿਸਾਨਾਂ ਦਾ ਬਜਟ ਹੋਵੇਗਾ। ਕਾਂਗਰਸ ਦੀ ਸਰਕਾਰ ਕਿਸਾਨਾਂ ਅਤੇ ਨੌਜਵਾਨਾਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਕਾਸ ਕਰੇਗੀ। ਹਰ ਵਰਗ ਨਾਲ ਮਿਲ ਕੇ ਹਰ ਵਰਗ ਦਾ ਵਿਕਾਸ ਕਰਨ ਲਈ ਕਾਂਗਰਸ ਵਚਨਬੱਧ ਹੈ।