ਗੌਰੀ ਲੰਕੇਸ਼ ਕਤਲਕਾਂਡ ‘ਚ ਪ੍ਰਗਿਆ ਦੀ ਭੂਮਿਕਾ ਤੋਂ SIT ਦਾ ਇਨਕਾਰ

ਬੈਂਗਲੁਰੂ— ਪੱਤਰਕਾਰ ਗੌਰੀ ਲੰਕੇਸ਼ ਕਤਲਕਾਂਡ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ ਨੇ ਵੀਰਵਾਰ ਨੂੰ ਮੀਡੀਆ ‘ਚ ਆਈਆਂ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਭੋਪਾਲ ਸੰਸਦੀ ਖੇਤਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਪ੍ਰਗਿਆ ਸਿੰਘ ਠਾਕੁਰ ਇਸ ਅਪਰਾਧ ‘ਚ ਸ਼ਾਮਲ ਹੈ। ਇਕ ਅੰਗਰੇਜ਼ੀ ਅਖਬਾਰ ਨੇ ਵੀਰਵਾਰ ਨੂੰ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਕਤਲਕਾਂਡ ‘ਚ ਸਾਧਵੀ ਦੇ ਵੀ ਸ਼ਾਮਲ ਰਹਿਣ ਦਾ ਖਦਸ਼ਾ ਹੈ। ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੇ ਅਧਿਕਾਰਤ ਬਿਆਨ ਜਾਰੀ ਕਰ ਕੇ ਦੱਸਿਆ ਕਿ ਜਾਂਚ ਦਲ ਨੂੰ ਪ੍ਰਗਿਆ ਦੇ ਇਸ ਅਪਰਾਧ ‘ਚ ਸ਼ਾਮਲ ਹੋਣ ਬਾਰੇ ਜਾਂਚ ਦੇ ਕਿਸੇ ਵੀ ਪੜਾਅ ‘ਚ ਪਤਾ ਨਹੀਂ ਲੱਗਾ ਅਤੇ ਨਾ ਹੀ ਚਾਰਜਸ਼ੀਟ ‘ਚ ਉਨ੍ਹਾਂ ਦਾ ਨਾਂ ਹੈ।
ਐੱਸ.ਆਈ.ਟੀ. ਨੇ ਹੁਣ ਤੱਕ ਇਸ ਮਾਮਲੇ ‘ਚ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਇਸ ਨਾਲ ਸੰਬੰਧਤ 2 ਲੋਕ ਹੁਣ ਵੀ ਫਰਾਰ ਹਨ। ਗੌਰੀ ਲੰਕੇਸ਼ ਦਾ 5 ਸਤੰਬਰ 2017 ਨੂੰ ਬੈਂਗਲੁਰੂ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।