ਉਮੀਦਵਾਰਾਂ ਨੂੰ ਘੇਰ ਕੇ ਸਵਾਲ ਕਰਨ ਦੀ ਰੀਤ ਅਸੀਂ ਚਲਾਈ : ਭਗਵੰਤ ਮਾਨ

ਬਰਨਾਲਾ : ਲੋਕ ਸਭਾ ਚੋਣਾਂ ਦੀ ਤਰੀਕ ਨੇੜੇ ਆਉਂਦੇ ਹੀ ਸਾਰੀਆਂ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਅੱਜ ਹਰ ਪਾਰਟੀ ਆਪਣੀ ਜਿੱਤ ਦਾ ਦਾਅਵਾ ਕਰਦੀ ਹੋਈ ਪਿੰਡਾਂ ਵਿਚ ਜਾ ਕੇ ਰੈਲੀਆਂ ਕਰ ਰਹੀ ਹੈ। ਇਸੇ ਦੇ ਚਲਦੇ ਅੱਜ ਬਰਨਾਲਾ ਵਿਚ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਜੋ ਪਿਛਲੀ ਲੋਕ ਸਭਾ ਚੋਣ ਵਿਚ ਵੀ ਐੱਮ.ਪੀ. ਚੁਣੇ ਗਏ ਸਨ, ਇਸ ਵਾਰ ਵੀ ਉਹ ਪੂਰੀ ਤਾਕਤ ਲਗਾ ਰਹੇ ਹਨ। ਉਨ੍ਹਾਂ ਨੇ ਅੱਜ ਬਰਨਾਲੇ ਦੇ ਤਕਰੀਬਨ 15 ਪਿੰਡਾਂ ਵਿਚ ਰੈਲੀਆਂ ਕੀਤਆਂ ਅਤੇ ਲੋਕਾਂ ਨੂੰ ਵੋਟ ਲਈ ਅਪੀਲ ਕੀਤੀ।
ਇਸ ਦੌਰਾਨ ਮਾਨ ਨੇ ਆਪਣੀ ਵਿਰੋਧੀ ਪਾਰਟੀਆਂ ‘ਤੇ ਤਿੱਖੇ ਹਮਲੇ ਵੀ ਕੀਤੇ। ਮਾਨ ਨੇ ਲੋਕਾਂ ਵੱਲੋਂ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਕੀਤੇ ਜਾਣ ‘ਤੇ ਕਿਹਾ ਕਿ ਇਹ ਰੀਤ ਅਸੀਂ ਤਾਂ ਚਲਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਵੋਟਰਾਂ ਨੂੰ ਪਿਛਲੀਆਂ ਚੋਣਾਂ ਵਿਚ ਕਿਹਾ ਸੀ ਕਿ ਜਦੋਂ ਵੀ ਕੋਈ ਆਗੂ ਆਏ ਤਾਂ ਉਨ੍ਹਾਂ ਨੂੰ ਆਪਣੇ ਪਿੰਡ, ਸ਼ਹਿਰ ਦੇ ਵਿਕਾਸ ਬਾਰੇ ਜ਼ਰੂਰ ਪੁੱਛੋ, ਜਿਸ ਦੇ ਚਲਦੇ ਅੱਜ ਪੰਜਾਬ ਦੀ ਜਨਤਾ ਹਰ ਆਗੂ ਨੂੰ ਸਵਾਲ ਕਰ ਰਹੀ ਹੈ। ਪਿਛਲੇ ਦਿਨੀ ਕਾਂਗਰਸ ਦੀ ਸੀਨੀਅਰ ਆਗੂ ਸਾਬਕਾ ਮੁੱਖ ਮੰਤਰੀ ਪੰਜਾਬ ਰਾਜਿੰਦਰ ਕੌਰ ਭੱਠਲ ਵੱਲੋਂ ਇਕ ਨੌਜਵਾਨ ਨੂੰ ਥੱਪੜ ਮਾਰਨ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਮਾਨ ਨੇ ਕਿਹਾ ਕਿ ਹਰ ਵੋਟਰ ਦਾ ਇਹ ਅਧਿਕਾਰ ਹੈ ਕਿ ਉਹ ਆਪਣੇ ਆਗੂਆਂ ਨਾਲ ਗੱਲ ਕਰੇ ਅਤੇ ਉਨ੍ਹਾਂ ਨੂੰ ਸਵਾਲ ਕਰੇ ਪਰ ਕਾਂਗਰਸ ਅਤੇ ਅਕਾਲੀ ਆਗੂ ਇਸ ਸਮੇਂ ਬੋਖਲਾਹਟ ਵਿਚ ਹਨ। ਇਸ ਲਈ ਉਹ ਵੋਟਰਾਂ ‘ਤੇ ਹੱਥ ਚੁੱਕ ਰਹੇ ਹਨ, ਜਿਸ ਦਾ ਜਵਾਬ ਇਹ ਵੋਟਰ ਆਉਣ ਵਾਲੀ 23 ਤਾਰੀਕ ਨੂੰ ਦੇਣਗੇ।