ਸੰਨੀ ਦਿਓਲ ਦੇ ਸੁਰੱਖਿਆ ਕਰਮੀਆਂ ਨਾਲ ਵਕੀਲਾਂ ਦੀ ਹੋਈ ਤੂੰ-ਤੂੰ, ਮੈਂ-ਮੈਂ

ਬਟਾਲਾ : ਲੋਕ ਸਭਾ ਚੋਣਾਂ ਦੇ ਭੱਖਦੇ ਮੈਦਾਨ ‘ਚ ਸਿਆਸੀ ਉਮੀਦਵਾਰ ਪੱਬਾਂ ਭਾਰ ਹੋਏ ਪਏ ਹਨ। ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਤਾਂ ਇਹ ਸੀਟ ਵੀ ਹਾਟ ਸੀਟ ਵਜੋਂ ਦੇਖੀ ਜਾ ਸਕਦੀ ਹੈ। ਕਿਉਂਕਿ ਇਸ ਮੈਦਾਨ ‘ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਟੱਕਰ ਦੇਣ ਲਈ ਭਾਜਪਾ ਨੇ ਸੰਨੀ ਦਿਓਲ ਨੂੰ ਮੈਦਾਨ ‘ਚ ਉਤਾਰਿਆ ਹੈ। ਜਿਸ ਤੋਂ ਬਾਅਦ ਸੂਬੇ ਭਰ ਦੀਆਂ ਨਜ਼ਰਾਂ ਇਸ ਸੀਟ ‘ਤੇ ਹਨ। ਚੋਣਾਂ ਦੇ ਮੱਦੇਨਜ਼ਰ ਭਾਜਪਾ ਉਮੀਦਵਾਰ ਸੰਨੀ ਦਿਓਲ ਵਲੋਂ ਬਟਾਲਾ ਵਿਖੇ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਕੋਰਟ ਕੰਪਲੈਕਸ ‘ਚ ਸੰਨੀ ਦਿਓਲ ਨੇ ਵਕੀਲ ਭਾਈਚਾਰੇ ਨਾਲ ਗੱਲਬਾਤ ਕੀਤੀ ਤੇ ਵੋਟ ਪਾਉਣ ਦੀ ਅਪੀਲ ਕੀਤੀ। ਸੰਨੀ ਦਿਓਲ ਦੇ ਆਉਣ ਨਾਲ ਮਾਹੌਲ ਇੰਨਾਂ ਗਰਮਾ ਗਿਆ ਕਿ ਕੁਝ ਵਕੀਲਾਂ ਦੀ ਉਮੀਦਵਾਰ ਦੇ ਸੁਰੱਖਿਆ ਕਰਮੀਆਂ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ। ਫਿਲਹਾਲ ਚੋਣਾਂ ਦੇ ਇਸ ਮਾਹੌਲ ‘ਚ ਹਰ ਉਮੀਦਵਾਰ ਆਪਣੇ ਜਿੱਤ ਦੇ ਦਾਅਵੇ ਤਾਂ ਕਰ ਰਿਹਾ ਹੈ ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਪੈਂਦਾ ਹੈ ਜਾਂ ਨਹੀਂ ਇਹ ਤਾਂ ਚੋਣਾਂ ਦੇ ਨਤੀਜੇ ਹੀ ਦੱਸਣਗੇ।