‘ਆਪ’ ਵਿਧਾਇਕਾਂ ਵੱਲੋਂ ਸਾਰੇ ਪੰਜਾਬੀਆਂ ਦੇ ਨਾਮ ਖੁੱਲ੍ਹਾ ਪੱਤਰ
ਅਪੀਲ, ਸਾਡੇ ਬਾਰੇ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹੇ ਮੀਡੀਆ
ਸੰਗਰੂਰ – ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਇੱਕ ਖੱਲੀ ਚਿੱਠੀ ਰਾਹੀਂ ਸਾਰੇ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਆਪਣੇ ਅਸਲੀ ਮੁੱਦਿਆਂ ‘ਤੇ ਕੇਂਦਰਿਤ ਰਹਿਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਇਨ੍ਹਾਂ ਦੇ ਸਿਆਸੀ ਏਜੰਟਾਂ ਦਾ ਇਸ ਗੱਲ ‘ਤੇ ਜ਼ੋਰ ਹੈ ਕਿ ਚੋਣਾਂ ਦੌਰਾਨ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਕਿਵੇਂ ਭਟਕਾਇਆ ਜਾਵੇ? ਇਸ ਚਾਲ ਤਹਿਤ ਹੀ ਹਰ ਰੋਜ਼ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਬਾਰੇ ‘ਆਪ’ ਛੱਡਣ ਦੀਆਂ ਝੂਠੀਆਂ-ਮਨਘੜਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿੰਨਾ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਬੁੱਧਵਾਰ ਇਥੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀ ਮਾ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਅਮਨ ਅਰੋੜਾ ਨੇ 3 ਸਫ਼ਿਆਂ ਦੀ ਪੰਜਾਬੀ ‘ਚ ਲਿਖੀ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ‘ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਸਮੇਤ ਪ੍ਰਿੰਸੀਪਲ ਬੁੱਧਰਾਮ, ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਪ੍ਰੋ. ਬਲਜਿੰਦਰ ਕੌਰ ਅਤੇ ਕੁਲਵੰਤ ਸਿੰਘ ਪੰਡੋਰੀ ਵੱਲੋਂ ਦਸਤਖ਼ਤ ਕੀਤੇ ਹੋਏ ਹਨ।
ਚਿੱਠੀ ਵਿਚ ਕਰਜ਼, ਕਿਸਾਨ-ਮਜ਼ਦੂਰ ਆਤਮ ਹੱਤਿਆਵਾਂ, ਬੇਰੁਜ਼ਗਾਰੀ, ਨਸ਼ੇ, ਨੌਜਵਾਨੀ ਦਾ ਵਿਦੇਸ਼ਾਂ ਨੂੰ ਭੱਜਣਾ, ਨੋਟਬੰਦੀ, ਜੀਐਸਟੀ ਪ੍ਰਦੂਸ਼ਿਤ ਆਬੋ-ਹਵਾ, ਨਿੱਘਰੀ ਸਿਹਤ ਅਤੇ ਸਕੂਲ ਸਿੱਖਿਆ ਸਮੇਤ ਬਹੁਭਾਂਤੀ ਮਾਫ਼ੀਆ ਤੋਂ ਲੈ ਕੇ ਬੇਅਦਬੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਚੁੱਕੀ ਗਈ ਝੂਠੀ ਸਹੁੰ ਤੱਕ ਦੇ ਤਮਾਮ ਸਾਰੇ ਮੁੱਦਿਆਂ ਦਾ ਜ਼ਿਕਰ ਹੈ। ‘ਆਪ’ ਵਿਧਾਇਕਾਂ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੇ ਆਪਸ ‘ਚ ਰਲੇ ਹੋਣ ਦਾ ਦੋਸ਼ ਹੈ, ਇਸ ਗੱਲ ‘ਤੇ ਮਾਣ ਮਹਿਸੂਸ ਕੀਤਾ ਗਿਆ ਹੈ ਕਿ ਪੰਜਾਬ ਲੋਕ ਚੋਣ ਪ੍ਰਚਾਰ ਦੌਰਾਨ ਸਿਆਸੀ ਲੀਡਰਾਂ ਤੋਂ ਪਿਛਲੇ ਚੋਣ ਵਾਅਦਿਆਂ ਦਾ ਨਿਡਰਤਾ ਨਾਲ ਹਿਸਾਬ-ਕਿਤਾਬ ਮੰਗਣ ਲੱਗੇ ਹਨ, ਜੋ ਲੋਕਤੰਤਰ ਦੀ ਮਜ਼ਬੂਤੀ ਦਾ ਸੰਕੇਤ ਹੈ।
ਹਰਪਾਲ ਸਿੰਘ ਚੀਮਾ ਨੇ ਪੱਤਰ ਦਾ ਹਵਾਲਾ ਦਿੰਦੇ ਹੋਏ ਦੱਸਿਆ ‘ਆਪ’ ਵਿਧਾਇਕਾਂ ਦਾ ਇਲਜ਼ਾਮ ਹੈ ਕਿ ਕੈਪਟਨ-ਬਾਦਲ ਅਤੇ ਇਨ੍ਹਾਂ ਦੇ ਸਿਆਸੀ ਏਜੰਟਾਂ ਦਾ ਇੱਕੋ-ਇੱਕ ਏਜੰਡਾ ਲੋਕਾਂ ਨੂੰ ਲੋਕ ਮੁੱਦਿਆਂ ਤੋਂ ਭਟਕਾਉਣਾ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣਾ ਹੈ। ‘ਆਪ’ ਵਿਧਾਇਕਾਂ ਅਨੁਸਾਰ ਆਪਣੇ ਇਸ ਮਨਸੂਬੇ ਲਈ ਇਹ ਸਾਰੇ ਆਪਸ ‘ਚ ਇੱਕ-ਮਿੱਕ ਹਨ ਤਾਂ ਕਿ ਪੰਜਾਬ ‘ਚੋਂ ਕਿਸੇ ਨਾ ਕਿਸੇ ਤਰ੍ਹਾਂ ‘ਆਪ’ ਦਾ ਵਜੂਦ ਮਿਟਾ ਦਿੱਤਾ ਜਾਵੇ ਅਤੇ ਆਪਣੀ ਵਾਰੀ ਬੰਨ੍ਹ ਕੇ ਸਿਆਸੀ ਲੁੱਟ-ਖਸੁੱਟ ਜਾਰੀ ਰੱਖ ਸਕਣ। ਪਰੰਤੂ ‘ਆਪ’ ਵਿਧਾਇਕਾਂ ਨੇ ਨਾਲ ਹੀ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਲੀਡਰਾਂ ਦੀ ਨਹੀਂ ਸਗੋਂ ਆਮ ਲੋਕਾਂ ਦੀ ਪਾਰਟੀ ਹੈ, ਇਸ ਲਈ ‘ਆਪ’ ਖ਼ਤਮ ਨਹੀਂ ਕੀਤੀ ਜਾ ਸਕਦੀ।
‘ਆਪ’ ਵਿਧਾਇਕਾਂ ਬਾਰੇ ਅਫ਼ਵਾਹਾਂ ਨੂੰ ਸਾਜ਼ਿਸ਼ ਕਰਾਰ ਦਿੰਦੇ ਹੋਏ ‘ਆਪ’ ਵਿਧਾਇਕਾਂ ਨੇ ਚੁਣੌਤੀ ਪੂਰਵਕ ਦਾਅਵਾ ਕੀਤਾ ਕਿ ਉਨ੍ਹਾਂ ‘ਚੋਂ ਕੋਈ ਵੀ ਕਾਂਗਰਸ ਜਾਂ ਅਕਾਲੀਆਂ ‘ਚ ਸ਼ਾਮਲ ਨਹੀਂ ਹੋ ਰਿਹਾ। ਜੇਕਰ ਅਜਿਹਾ ਹੁੰਦਾ ਹੈ ਤਾਂ ਸਮਝੋ ਉਹ ‘ਵਿਕਾਊ ਮਾਲ’ ਹੈ, ਪਰੰਤੂ ਜੇਕਰ ਬਿਨਾ ਗੱਲ ਤੋਂ ਅਫ਼ਵਾਹਾਂ ਜਾਂ ਖ਼ਬਰਾਂ ਛਾਪੀਆਂ ਜਾਂਦੀਆਂ ਹਨ ਤਾਂ ਸਮਝੋ ਅਜਿਹਾ ਕਰਨ ਵਾਲੇ ਕੈਪਟਨ ਅਤੇ ਬਾਦਲਾਂ ਦੇ ਖ਼ਰੀਦੇ ਹੋਏ ਦਲਾਲ ਹਨ। ‘ਆਪ’ ਵਿਧਾਇਕਾਂ ਨੇ ਲੋਕਾਂ ਦੇ ਨਾਲ-ਨਾਲ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਤੱਥਾਂ ਸਬੂਤਾਂ ਦੇ ਸਿਰਫ਼ ਮਨਘੜਤ ਅਫ਼ਵਾਹਾਂ-ਚਰਚਿਆਂ ਦੇ ਆਧਾਰ ‘ਤੇ ‘ਆਪ’ ਵਿਧਾਇਕਾਂ ਬਾਰੇ ਝੂਠੀਆਂ ਖ਼ਬਰਾਂ ਨਾ ਛਾਪਣ।
‘ਆਪ’ ਵਿਧਾਇਕਾਂ ਨੇ ਰੱਬ ਨੂੰ ਹਾਜ਼ਰ-ਨਾਜ਼ਰ ਰੱਖ ਕੇ ਇਹ ਵੀ ਵਚਨ ਦਿੱਤਾ ਕਿ ਉਹ ਪਾਰਟੀ ਅਤੇ ਪੰਜਾਬ ਦੇ ਲੋਕਾਂ ਵੱਲੋਂ ਜਤਾਏ ਗਏ ਭਰੋਸੇ ‘ਤੇ ਖਰਾ ਉੱਤਰਨਗੇ ਅਤੇ ਪੰਜਾਬ ਪੰਜਾਬੀਆ ਅਤੇ ਪੰਜਾਬੀਆਂ ਦੇ ਹੱਕਾਂ ਅਤੇ ਹਿੱਤਾਂ ਲਈ ਹਮੇਸ਼ਾ ਡਟੇ ਰਹਿਣਗੇ। ਆਪਣੇ 2 ਸਾਥੀ ਵਿਧਾਇਕਾਂ ਦੇ ਕਾਂਗਰਸ ਚਲੇ ਜਾਣ ਨੂੰ ‘ਪਿੱਠ ‘ਚ ਛੁਰਾ’ ਦੱਸਦੇ ਹੋਏ ਕਿਹਾ ਕਿ ਜਨਤਾ ਵੱਲੋਂ ਉਨ੍ਹਾਂ ਨਾਲ ਜੋ ਲਾਹ-ਪਾ ਕੀਤੀ ਜਾ ਰਹੀ ਹੈ ਉਹ ਸੂਲੀ ਦੀ ਸਜਾ ਤੋਂ ਘੱਟ ਨਹੀਂ।
ਇਸ ਖੁੱਲ੍ਹੀ ਚਿੱਠੀ ਰਾਹੀਂ ‘ਆਪ’ ਵਿਧਾਇਕਾਂ ਨੇ ਮੀਡੀਆ ਦੇ ਉਸ ਛੋਟੇ ਜਿਹੇ ਹਿੱਸੇ ਨੂੰ ਅਪੀਲ ਕੀਤੀ ਕਿ ਉਹ ਤੱਥਾਂ-ਸਬੂਤਾਂ ਤੋਂ ਬਿਨਾਂ ਮਹਿਜ਼ ਫੋਕੀਆਂ ਚਰਚਾਵਾਂ ਦੇ ਆਧਾਰ ‘ਤੇ ‘ਆਪ’ ਵਿਰੋਧੀ ਖ਼ਬਰਾਂ ਤੋਂ ਗੁਰੇਜ਼ ਕਰਨ।