ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ‘ਚ ਬਿਨਾਂ ਸ਼ਰਤ ਮੰਗੀ ਮੁਆਫੀ

ਨਵੀਂ ਦਿੱਲੀ—ਰਾਫੇਲ ‘ਤੇ ਫੈਸਲੇ ਪਿੱਛੋਂ ‘ਚੌਂਕੀਦਾਰ ਚੋਰ ਹੈ’ ਟਿੱਪਣੀ ‘ਚ ਸੁਪਰੀਮ ਕੋਰਟ ਦਾ ਗਲਤ ਹਵਾਲਾ ਦੇਣ ਸੰਬੰਧੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਵ ਬੁੱਧਵਾਰ ਸੁਪਰੀਮ ਕੋਰਟ ਕੋਲੋਂ ਬਿਨਾਂ ਕਿਸੇ ਸ਼ਰਤ ਮੁਆਫੀ ਮੰਗ ਲਈ ਹੈ। ਰਾਹੁਲ ਨੇ ਤਿੰਨ ਪੰਨਿਆਂ ਦੇ ਆਪਣੇ ਤਾਜ਼ੇ ਹਲਫਨਾਮੇ ‘ਚ ਕਿਹਾ ਕਿ ਉਹ ਅਦਾਲਤ ਦਾ ਬਹੁਤ ਸਤਿਕਾਰ ਕਰਦੇ ਹਨ, ਉਨ੍ਹਾਂ ਭਾਜਪਾ ਦੀ ਸੰਸਦ ਮੈਂਬਰ (ਐੱਮ. ਪੀ.) ਮੀਨਾਕਸ਼ੀ ਵਲੋਂ ਦਾਇਰ ਮਾਣਹਾਨੀ ਦੇ ਅਪਰਾਧਿਕ ਮਾਮਲੇ ਨੂੰ ਬੰਦ ਕਰਨ ਦੀ ਬੇਨਤੀ ਕੀਤੀ। ਰਾਹੁਲ ਨੇ ਹਲਫਨਾਮੇ ‘ਚ ਕਿਹਾ ਹੈ ਕਿ ਉਹ ਗਲਤ ਢੰਗ ਨਾਲ ਅਦਾਲਤ ਦਾ ਹਵਾਲਾ ਦੇਣ ਨੂੰ ਲੈ ਕੇ ਬਿਨਾਂ ਸ਼ਰਤ ਮੁਆਫੀ ਮੰਗਦੇ ਹਨ।
ਇਹ ਹੈ ਪੂਰਾ ਮਾਮਲਾ-
ਰਾਫੇਲ ਮਾਮਲੇ ‘ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਪੇਸ਼ ਹੋਏ ਦਸਤਾਵੇਜ਼ਾਂ ਦੀ ਸੱਚ ਨੂੰ ਸਵੀਕਾਰ ਕੀਤਾ ਸੀ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਕਿਹਾ, ” ਸੁਪਰੀਮ ਕੋਰਟ ਨੇ ਸਾਫ ਕਹਿ ਦਿੱਤਾ ਹੈ ਕਿ ਚੌਕੀਦਾਰ ਹੀ ਚੋਰ ਹੈ। ਸੁਪਰੀਮ ਕੋਰਟ ਨੇ ਮੰਨਿਆ ਹੈ ਕਿ ਰਾਫੇਲ ਮਾਮਲੇ ‘ਚ ਕੋਈ ਨਾ ਕੋਈ ਤਾਂ ਭ੍ਰਿਸ਼ਟਾਚਾਰ ਜ਼ਰੂਰ ਹੋਇਆ ਹੈ। ਨਵੀਂ ਦਿੱਲੀ ਤੋਂ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਇਸ ‘ਤੇ ਸੁਪਰੀਮ ਕੋਰਟ ‘ਚ ਮਾਣਹਾਨੀ ਦੀ ਉਲੰਘਣਾ ਪਟੀਸ਼ਨ ਦਾਖਲ ਕੀਤੀ ਸੀ। ਇਸ ‘ਤੇ ਨੋਟਿਸ ਲੈਦੇ ਹੋਏ ਕੋਰਟ ਨੇ ਕਿਹਾ ਹੈ ਕਿ ਅਸੀ ਉਨ੍ਹਾਂ ਸ਼ਬਦਾਂ ਦੀ ਵਰਤੋਂ ਕਦੀ ਵੀ ਨਹੀਂ ਕੀਤੀ ਹੈ, ਜੋ ਰਾਹੁਲ ਗਾਂਧੀ ਨੇ ਕਿਹਾ। ਇਸ ਦਾ ਮਤਲਬ ਕੋਰਟ ਨੇ ‘ਚੌਕੀਦਾਰ ਚੋਰ ਹੈ’ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਹੈ।