ਬਿਹਾਰ ‘ਚ ਸ਼ਰਾਬਬੰਦੀ ਨਾਲ CM ਨਿਤੀਸ਼ ਨੂੰ ਮਿਲੇ ਨਵੇਂ ਸਮਰਥਕ

ਨਵੀਂ ਦਿੱਲੀ—ਬਿਹਾਰ ‘ਚ ਸ਼ਰਾਬ ‘ਤੇ ਪਾਬੰਦੀ ਲਾਉਣ ਤੋਂ ਬਾਅਦ ਸ਼ਰਾਬਬੰਦੀ ਨਾਲ ਜੁੜੇ ਕਾਨੂੰਨ ਦੀ ਉਲੰਘਣਾ ਕਰਨ ‘ਤੇ ਲਗਭਗ 2 ਲੱਖ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ ‘ਚ ਬਣੀ 38 ਲੱਖ ਲਿਟਰ ਅੰਗਰੇਜ਼ੀ ਅਤੇ 23 ਲੱਖ ਲਿਟਰ ਦੇਸੀ ਸ਼ਰਾਬ ਜ਼ਬਤ ਕੀਤੀ ਜਾ ਚੁੱਕੀ ਹੈ। 3 ਸਾਲ ਪਹਿਲਾਂ ਬਿਹਾਰ ‘ਚ ਸ਼ਰਾਬਬੰਦੀ ਲਾਗੂ ਕਰਨ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਮਰਥਕਾਂ ‘ਚ ਇਕ ਵੱਡਾ ਵਰਗ ਜੁੜ ਗਿਆ ਹੈ। ਇਹ ਔਰਤ ਵੋਟਰ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ 2016 ‘ਚ ਬਿਹਾਰ ਵਿਚ ਸ਼ਰਾਬਬੰਦੀ ਅਤੇ ਆਬਕਾਰੀ ਨਿਯਮਾਂ ਨੂੰ ਲਿਆ ਕੇ ਨਿਤੀਸ਼ ਨੇ ਉਨ੍ਹਾਂ ਦੇ ਘਰਵਾਲਿਆਂ ਦੀ ਜਾਨ ਬਚਾਈ।
ਆਰਾ (ਬਿਹਾਰ) ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਸ਼ਰਾਬ ਦੀ ਵਿਕਰੀ ਤੋਂ ਆਉਣ ਵਾਲਾ ਪੈਸਾ ਕਿਸੇ ਵੀ ਸੂਬਾ ਸਰਕਾਰ ਲਈ ਖਜ਼ਾਨੇ ਦਾ ਮੁੱਖ ਸਰੋਤ ਹੁੰਦਾ ਹੈ। ਨਿਤੀਸ਼ ਕੁਮਾਰ ਨੇ ਸਮਾਜ ਦੇ ਹਿੱਤ ਲਈ ਅਜਿਹੇ ਖਜ਼ਾਨੇ ਦਾ ਤਿਆਗ ਕੀਤਾ। ਉਨ੍ਹਾਂ ਦੱਸਿਆ ਕਿ ਸ਼ਰਾਬ ‘ਤੇ ਪਾਬੰਦੀ ਨਾਲ ਪਿੰਡਾਂ ਦੇ ਕਈ ਨੌਜਵਾਨ ਸੁਧਰ ਗਏ ਹਨ ਅਤੇ ਕਈ ਵੱਡੇ ਬਜ਼ੁਰਗਾਂ ਦੀ ਸ਼ਰਾਬ ਦੀ ਲਤ ਵੀ ਛੁੱਟ ਗਈ ਹੈ। ਅਜਿਹੀ ਆਦਤ ਨੂੰ ਕੋਈ ਚੋਰ ਬਾਜ਼ਾਰ ਤੋਂ ਸ਼ਰਾਬ ਖਰੀਦ ਕੇ ਬਰਕਰਾਰ ਨਹੀਂ ਰੱਖ ਸਕਦਾ।
ਪੂਰਨ ਸ਼ਰਾਬਬੰਦੀ ਤੋਂ ਬਾਅਦ ਪਹਿਲੀਆਂ ਚੋਣਾਂ-
ਭਾਵੇਂ ਕਿ ਪਿਛਲੀ ਸਰਕਾਰ ਨੇ ਇਨ੍ਹਾਂ ਨਿਯਮਾਂ ਦੇ ਕੁਝ ਸਖਤ ਪਹਿਲੂਆਂ ‘ਚ ਬਦਲਾਅ ਕੀਤਾ ਸੀ। ਪਹਿਲਾਂ ਲੋਕਾਂ ਨੂੰ ਪਹਿਲੀ ਵਾਰ ਨਿਯਮ ਦੀ ਉਲੰਘਣਾ ਕਰਨ ‘ਤੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਜੇਲ ਹੋ ਜਾਂਦੀ ਸੀ ਪਰ ਹੁਣ ਉਨ੍ਹਾਂ ਨੂੰ ਜੇਲ ਜਾਣ ਦੀ ਬਜਾਏ 50 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਸੂਬੇ ‘ਚ ਪੂਰਨ ਸ਼ਰਾਬਬੰਦੀ ਹੋਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹਨ।
ਬਿਹਾਰ ‘ਚ ਸਮਾਜਿਕ ਜਾਗਰੂਕਤਾ ਆਈ-
ਜਦ (ਯੂ) ਦੇ ਬੁਲਾਰੇ ਨੀਰਜ ਕੁਮਾਰ ਨੇ ਦੱਸਿਆ ਕਿ ਇਸ ਕਦਮ ਨਾਲ ਬਿਹਾਰ ‘ਚ ਸਮਾਜਿਕ ਜਾਗਰੂਕਤਾ ਪੈਦਾ ਹੋਈ ਹੈ। ਇਹ ਇਕ ਵਧੀਆ ਫੈਸਲਾ ਹੈ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸੁਪਨੇ ਨੂੰ ਪੂਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਨਾਲ ਸੂਬੇ ਦੇ ਲੋਕਾਂ ਦੀ ਜੀਵਨਸ਼ੈਲੀ ਅਤੇ ਪ੍ਰਤੀ ਵਿਅਕਤੀ ਦੀ ਉਮਰ ‘ਚ ਸੁਧਾਰ ਹੋਇਆ ਹੈ। ਇਸ ਦਾ ਵਿਰੋਧ ਕਰਨ ਵਾਲੇ ਸਿਰਫ ਸਿਆਸੀ ਕਾਰਨਾਂ ਕਰਕੇ ਹੀ ਅਜਿਹਾ ਕਰ ਰਹੇ ਹਨ। ਸ਼ਰਾਬਬੰਦੀ ਇਕ ਸਮਾਜਿਕ ਮੁੱਦਾ ਹੈ। ਉਥੇ ਹੀ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਸ਼ਰਾਬਬੰਦੀ ਨਾਲ ਇਸ ਦੀ ਸਮਗਲਿੰਗ ਨੂੰ ਬੜ੍ਹਾਵਾ ਮਿਲਿਆ ਹੈ ਅਤੇ ਪੁਲਸ ਭ੍ਰਿਸ਼ਟਾਚਾਰੀ ਹੋ ਗਈ ਹੈ। ਰਾਜਦ ਦੇ ਬੁਲਾਰੇ ਦਾ ਦਾਅਵਾ ਹੈ ਕਿ ਸੂਬੇ ‘ਚ ਸ਼ਰਾਬ ਅਜੇ ਵੀ ਖੁੱਲ੍ਹੇਆਮ ਵੇਚੀ ਜਾਂਦੀ ਹੈ। ਸ਼ਰਾਬਬੰਦੀ ਦੇ ਨਾਂ ‘ਤੇ ਦਲਿਤਾਂ ਤੇ ਪੱਛੜੀਆਂ ਜਾਤੀਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ।