ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੋਮਨਾਥ ਭਾਰਤੀ ਵਿਰੁੱਧ ਘਰੇਲੂ ਹਿੰਸਾ ਦੇ ਦੋਸ਼ ‘ਚ ਐੱਫ.ਆਈ.ਆਰ. ਰੱਦ ਕਰ ਦਿੱਤੀ। ਜੱਜ ਚੰਦਰਸ਼ੇਖਰ ਨੇ ਇਸ ਦਾ ਨੋਟਿਸ ਲਿਆ ਕਿ ਭਾਰਤੀ ਅਤੇ ਉਨ੍ਹਾਂ ਦੀ ਪਤਨੀ ਲਿਪਿਕਾ ਖੁਸ਼ੀ-ਖੁਸ਼ੀ ਨਾਲ ਰਹਿ ਰਹੇ ਹਨ। ਉਨ੍ਹਾਂ ਨੇ ਇਸੇ ਆਧਾਰ ‘ਤੇ ਅਪਰਾਧਕ ਮਾਮਲਾ ਰੱਦ ਕਰਨ ਦੀ ਭਾਰਤੀ ਦੀ ਅਪੀਲ ਸਵੀਕਾਰ ਕਰ ਲਈ। ਕੋਰਟ ਨੇ ਇਹ ਵੀ ਪਾਇਆ ਕਿ ਸ਼ਿਕਾਇਤ ਰੱਦ ਕਰਨ ਨੂੰ ਲੈ ਕੇ ਔਰਤ ਨੂੰ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਨਹੀਂ ਹੈ।
ਇਸ ਤੋਂ ਪਹਿਲਾਂ ਕੋਰਟ ਨੇ ਲਿਪਿਕਾ ਨੂੰ ਘਰੇਲੂ ਹਿੰਸਾ ਦੇ ਮਾਮਲੇ ‘ਚ ਭਾਰਤੀ ਦੀ ਜ਼ਮਾਨਤ ਰੱਦ ਕਰਨ ਲਈ ਦਾਇਰ ਅਰਜ਼ੀ ਵਾਪਸ ਲੈਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਸੀ। ਕੋਰਟ ਨੂੰ ਦੱਸਿਆ ਗਿਆ ਕਿ ਵਿਆਹੁਤਾ ਸੰਬੰਧ ਨਾਲ ਜੁੜੇ ਵਿਵਾਦਾਂ ਦਾ ਨਿਪਟਾਰਾ ਕਰ ਲਿਆ ਗਿਆ ਹੈ। ਭਾਰਤੀ ਦੀ ਪਤਨੀ ਨੇ ਦਿੱਲੀ ਮਹਿਲਾ ਕਮਿਸ਼ਨ ‘ਚ 10 ਜੂਨ 2015 ‘ਚ ਦਾਇਰ ਸ਼ਿਕਾਇਤ ਅਤੇ 9 ਸਤੰਬਰ 2015 ਨੂੰ ਪੁਲਸ ‘ਚ ਦਰਜ ਕਰਵਾਈ ਸ਼ਿਕਾਇਤ ‘ਚ ਆਪਣੇ ਪਤੀ ‘ਤੇ ਘਰੇਲੂ ਹਿੰਸਾ ਕਰਨ ਅਤੇ ਉਸ ਦੇ ਕਤਲ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ।