ਕਿਹਾ, ਕਾਂਗਰਸ ਨੇ ਹਲਕੇ ਦਾ ਵਿਕਾਸ ਕੀਤਾ ਹੈ ਅਤੇ ਕਰੇਗੀ
ਲੋਕਾਂ ਨਾਲ ਸਾਂਝੇ ਕੀਤੇ ਕਰਵਾਏ ਵਿਕਾਸ ਕਾਰਜਾਂ ਦੇ ਵੇਰਵੇ
ਸੁਜਾਨਪੁਰ, ਪਠਾਨਕੋਟ, 6 ਮਈ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੇ ਅੱਜ ਪਠਾਨਕੋਟ ਜ਼ਿਲੇ ਵਿਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਲੋਕਾਂ ਨੂੰ ਕਿਸੇ ਲੀਡਰ ਦਾ ਹੱਥ ਢਾਈ ਕਿੱਲੋ ਦਾ ਹੋਣ ਦਾ ਕੋਈ ਫਾਇਦਾ ਨਹੀਂ ਹੈ, ਲੋਕਾਂ ਨੂੰੂ ਤਾਂ ਕੰਮ ਕਰਨ ਵਾਲੇ ਹੱਥ ਚਾਹੀਦੇ ਹਨ, ਜੋ ਕਿ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਸਿਖਾਂਦਰੂ ਲੀਡਰ ਇਸ ਸਰਹੱਦੀ ਇਲਾਕੇ ਦੀਆਂ ਮੁਸਕਿਲਾਂ ਹੱਲ ਨਹੀਂ ਕਰ ਸਕਦਾ ਹੈ। ਉਨਾਂ ਨੇ ਇਸ ਮੌਕੇ ਆਪਣੇ 16 ਮਹੀਨੇ ਦੇ ਕਾਰਜਕਾਲ ਦੌਰਾਨ ਹਲਕੇ ਵਿਚ ਕੀਤੇ ਵਿਕਾਸ ਕਾਰਜ ਲੋਕਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਉਨਾਂ ਨੂੰ ਪਤਾ ਹੈ ਕਿ ਵਿਕਾਸ ਕਿਵੇਂ ਹੋਣਾ ਹੈ ਅਤੇ ਵਿਕਾਸ ਲਈ ਫੰਡ ਕਿਵੇਂ ਲਿਆਂਦੇ ਜਾਣੇ ਹਨ। ਉਨਾਂ ਨੇ ਕਿਹਾ ਕਿ ਜਿਸ ਨੂੰ ਰਾਜਨੀਤੀ ਨਹੀਂ ਆਉਂਦੀ, ਜਿਸ ਨੂੰ ਪੰਜਾਬ ਦੀਆਂ ਮੁਸਕਿਲਾਂ ਤੱਕ ਦਾ ਪਤਾ ਨਹੀਂ ਉਹ ਗੁਰਦਾਸਪੁਰ ਹਲਕੇ ਦੇ ਮਸਲੇ ਕਿਵੇਂ ਹੱਲ ਕਰਵਾ ਸਕਦਾ ਹੈ।
ਸ੍ਰੀ ਜਾਖੜ ਨੇ ਇਸ ਮੌਕੇ ਕਿਹਾ ਕਿ ਪਠਾਨਕੋਟ ਜ਼ਿਲੇ ਵਿਚ ਉਨਾਂ ਨੇ ਰਿਕਾਰਡ ਸਮੇਂ ਵਿਚ ਪੈਪਸੀ ਦੀ ਫੈਕਟਰੀ ਲਗਵਾਈ ਹੈ ਜਿਸ ਨਾਲ 5000 ਲੋਕਾਂ ਨੂੰ ਰੋਜਗਾਰ ਮਿਲੇਗਾ ਜਦ ਕਿ 10000 ਪਰਿਵਾਰਾਂ ਨੂੰ ਅਸਿੱਧੇ ਤੌਰ ਤੇ ਇਸ ਦਾ ਲਾਭ ਹੋਵੇਗਾ। ਉਨਾਂ ਨੇ ਕਿਹਾ ਕਿ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਅਤੇ ਸਾਡੇ ਵਿਰੋਧੀ ਫਿਲਮਾਂ ਦੀਆਂ। ਉਨਾਂ ਕਿਹਾ ਕਿ 6 ਕਰੋੜ ਰੁਪਏ ਦੀ ਲਾਗਤ ਨਾਲ ਦੁਨੇਰਾ ਸਾਲੀਆਲੀ ਸੜਕ ਨੂੰ ਅਪਗ੍ਰੇਡ ਕਰਨ ਦਾ ਕੰਮ ਹੋ ਰਿਹਾ ਹੈ। ਇਸੇ ਤਰਾਂ ਸਾਹਪੁਰ ਕੰਢੀ ਡੈਮ ਪ੍ਰੋਜੈਕਟ ਦੀ ਗੁਆਂਢੀ ਸੁਬਿਆਂ ਨਾਲ ਤਾਲਮੇਲ ਕਰਕੇ ਉਸਾਰੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਤੇ 2715 ਕਰੋੜ ਰੁਪਏ ਦੀ ਲਾਗਤ ਆਵੇਗੀ। ਜਿਸ ਨਾਲ 206 ਮੈਗਾਵਾਟ ਵਾਧੂ ਬਿਜਲੀ ਪੈਦਾ ਹੋਵੇਗੀ ਉਥੇ ਹੀ ਸਿੰਚਾਈ ਸਹੁਲਤਾਂ ਵਿਚ ਵੀ ਵਾਧਾ ਹੋਵੇਗਾ। ਇਸੇ ਤਰਾਂ 26 26 ਕਰੋੜ ਦੀ ਲਾਗਤ ਨਾਲ ਭੋਆ ਹਲਕੇ ਵਿਚ ਮਸਤਪੁਰ ਅਤੇ ਪਠਾਨਕੋਟ ਹਲਕੇ ਵਿਚ ਤਲਵਾੜਾ ਜੱਟਾਂ ਵਿਖੇ ਪੁਲ ਬਣਾਉਣ ਲਈ ਕੰਮ ਦੀ ਸੁਰੂਆਤ ਹੋ ਗਈ ਹੈ।
ਸ੍ਰੀ ਜਾਖੜ ਨੇ ਸਿੱਖਿਆ ਸਹੁਲਤਾਂ ਦੀ ਗੱਲ ਕਰਦਿਆਂ ਕਿਹਾ ਕਿ ਹਲਕਾ ਸੁਜਾਨਪੁਰ ਦੇ ਜੁਗਿਆਲ ਵਿਚ ਲੜਕੀਆਂ ਦਾ ਕਾਲਜ ਬਣਾਉਣ ਦੀ ਸਿਧਾਂਤਕ ਮੰਜੂਰੀ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਜਾ ਚੁੱਕੀ ਹੈ ਜਦ ਕਿ ਧਾਰਕਲਾਂ ਬਲਾਕ ਵਿਚ ਨਿਆੜੀ ਪਿੰਡ ਵਿਚ 8 ਕਰੋੜ ਨਾਲ ਆਈ.ਟੀ.ਆਈ. ਕਾਲਜ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤਾ ਗਿਆ ਹੈ। ਉਨਾਂ ਨੇ ਕਿਹਾ ਕਿ ਸੁਜਾਨ ਪੁਰ ਵਿਚ ਸੀਵਰੇਜ ਪਾਇਆ ਜਾਵੇਗਾ ਅਤੇ ਧਾਰ ਬਲਾਕ ਵਿਚ 60 ਕਿਲੋਮੀਟਰ ਨਵੀਂਆਂ ਸੜਕਾਂ ਵੀ ਬਣਾਈਆਂ ਜਾਣਗੀਆਂ। ਉਨਾਂ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਜੈਕਟਾਂ ਲਈ ਲੋਕਾਂ ਨੂੰ ਉਹ ਸਾਂਸਦ ਚਾਹੀਦਾ ਹੈ ਜਿਸ ਨੂੰ ਪ੍ਰਸਾਸ਼ਨਿਕ ਸਮਝ ਹੋਵੇ ਅਤੇ ਜੋ ਅਜਿਹੇ ਪ੍ਰੋਜੈਕਟ ਪੂਰੇ ਕਰਵਾ ਸਕੇ।
ਸ੍ਰੀ ਜਾਖੜ ਨੇ ਇਸ ਮੌਕੇ ਵਿਸੇਸ਼ ਤੌਰ ਤੇ ਨਿਆਏ ਯੋਜਨਾ ਬਾਰੇ ਵੀ ਲੋਕਾਂ ਨੂੰ ਦੱਸਿਆ ਜਿਸ ਤਹਿਤ ਜਿੰਨਾਂ ਪਰਿਵਾਰਾਂ ਦੀ ਆਮਦਨ ਸਲਾਨਾ 72000 ਰੁਪਏ ਤੋਂ ਘੱਟ ਹੋਵੇਗੀ ਉਨਾਂ ਨੂੰ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਹਰ ਮਹੀਨੇ 6000 ਰੁਪਏ ਦੀ ਮਦਦ ਮੁਹਈਆ ਕਰਵਾਈ ਜਾਵੇਗੀ। ਇਸ ਮੌਕੇ ਉਨਾਂ ਨਾਲ ਸੀਨਿਅਰ ਕਾਂਗਰਸੀ ਆਗੂ ਸ੍ਰੀ ਅਮਿਤ ਸਿੰਘ ਮੰਟੂ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਸ੍ਰੀ ਸੰਜੀਵ ਬੈਂਸ ਵੀ ਹਾਜਰ ਸਨ।