ਲੁਧਿਆਣਾ : ਖੰਨਾ ਤੋਂ ਵਿਧਾਇਕ ਤੇ ਰਵਨੀਤ ਬਿੱਟੂ ਦੇ ਭਰਾ ਗੁਰਕੀਰਤ ਕੋਟਲੀ ਨੇ ਇੱਥੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਰਾਜੋਆਣਾ ਵਲੋਂ ਜੇਲ ਅੰਦਰੋਂ ਅਕਾਲੀ-ਭਾਜਪਾ ਨੂੰ ਸਮਰਥਨ ਦੇਣ ਲਈ ਲਿਖੇ ਪੱਤਰ ਨੂੰ ਲੈ ਕੇ ਸਵਾਲ-ਜਵਾਬ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਗੱਲ ‘ਤੇ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਕੀ ਸਟੈਂਡ ਹੈ ਅਤੇ ਨਾਲ ਹੀ ਉਨ੍ਹਾਂ ਰਵਨੀਤ ਬਿੱਟੂ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਕਿਹਾ ਕਿ ਕਾਂਗਰਸ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਪ੍ਰਮੋਟ ਨਹੀਂ ਕਰਦੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗੁਰਕੀਰਤ ਕੋਟਲੀ ਨੇ ਕਿਹਾ ਕਿ ਜੇਲ ਅੰਦਰੋਂ ਜਿਹੜਾ ਪੱਤਰ ਰਾਜੋਆਣਾ ਵਲੋਂ ਜਾਰੀ ਕੀਤਾ ਗਿਆ ਹੈ, ਉਹ ਅਕਾਲੀ-ਭਾਜਪਾ ਦੇ ਹੀ ਇਕ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਅਕਾਲੀ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਦਾ ਵੀ ਇਸ ‘ਚ ਹੱਥ ਹੈ। ਗੁਰਕੀਰਤ ਕੋਟਲੀ ਨੇ ਕਿਹਾ ਕਿ ਅੱਜ ਰਾਸ਼ਟਰਵਾਦ ਦੀ ਗੱਲ ਕਰਨ ਵਾਲੀ ਭਾਜਪਾ ਕਿੱਥੇ ਹੈ ਅਤੇ ਉਸ ਨੂੰ ਇਸ ਮੁੱਦੇ ‘ਤੇ ਆਪਣਾ ਸਟੈਂਡ ਸਾਫ ਕਰਨਾ ਚਾਹੀਦਾ ਹੈ।