ਗੁਨਾ — ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਜਿਸ ਦਿਨ ਪੁਲਵਾਮਾ ਵਿਚ ਅੱਤਵਾਦੀ ਹਮਲਾ ਹੋਇਆ ਸੀ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਰਾਤ ਸੌਂ ਨਹੀਂ ਸਕੇ ਸਨ। ਭਾਰਤ ਦੇ ਵੀਰ ਜਵਾਨਾਂ ਨੇ ਜਦੋਂ ਪਾਕਿਸਤਾਨ ਵਿਚ ਦਾਖਲ ਹੋ ਕੇ ਏਅਰ ਸਟਰਾਈਕ ਕੀਤੀ, ਉਦੋਂ ਦੇਸ਼ ਦੀ ਜਨਤਾ ਨਾਲ ਪ੍ਰਧਾਨ ਮੰਤਰੀ ਦੇ ਕਲੇਜੇ ਨੂੰ ਵੀ ਠੰਡਕ ਪੁੱਜੀ ਸੀ। ਮੱਧ ਪ੍ਰਦੇਸ਼ ਦੇ ਗੁਨਾ ਵਿਚ ਰਾਜਨਾਥ ਭਾਜਪਾ ਉਮੀਦਵਾਰ ਕੇ. ਪੀ. ਸਿੰਘ ਯਾਦਵ ਦੇ ਸਮਰਥਨ ਵਿਚ ਇਕ ਚੋਣਾਵੀ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਭਾਰਤ ਵਿਚ ਅੱਤਵਾਦ ਸਿਰ ਚੁੱਕੇਗਾ, ਉਸ ਦਾ ਜਵਾਬ ਇਸੇ ਪ੍ਰਕਾਰ ਦਿੱਤਾ ਜਾਵੇਗਾ।
ਕਾਂਗਰਸ ‘ਤੇ ਹਮਲਾਵਰ ਹੁੰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਹੋਣ ਵਾਲੀ ਲੜਾਈ ਨੂੰ ਕਾਂਗਰਸ ਕਮਜ਼ੋਰ ਕਰ ਰਹੀ ਹੈ ਅਤੇ ਕਾਂਗਰਸ ਦੇ ਨੇਤਾ ਇਹ ਭੁੱਲ ਜਾਂਦੇ ਹਨ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪਸ਼ਬਦ ਕਹਿਣਾ ਲੋਕਤੰਤਰ ਨੂੰ ਕਮਜ਼ੋਰ ਕਰਨਾ ਹੁੰਦਾ ਹੈ। ਮੰਚ ਤੋਂ ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦਬਾਅ ਕਾਰਨ ਹੀ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕੀਤਾ ਗਿਆ ਹੈ।
ਰਾਜਨਾਥ ਨੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੇ ‘ਚੌਕੀਦਾਰ ਚੋਰ’ ਹੈ ਦੇ ਨਾਅਰੇ ‘ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਜਾਣਦੀ ਹੈ ਕਿ ਚੌਕੀਦਾਰ ਕਿੰਨਾ ‘ਪਿਓਰ’ ਹੈ ਅਤੇ ਮੁੜ ਉਸ ਦਾ ਪ੍ਰਧਾਨ ਮੰਤਰੀ ਬਣਨਾ ਵੀ ‘ਸ਼ਯੋਰ’ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਵਾਂਗ ਰਾਹੁਲ ਗਾਂਧੀ ਵੀ ਗਰੀਬੀ ਹਟਾਉਣ ਦੀ ਗੱਲ ਕਰ ਰਹੇ ਹਨ ਪਰ ਉਹ ਇਹ ਕਿਉਂ ਨਹੀਂ ਦੱਸਦੇ ਕਿ 55 ਸਾਲਾਂ ਤੋਂ ਗਰੀਬੀ ਕਿਉਂ ਨਹੀਂ ਹਟੀ। ਇਸ ਦੌਰਾਨ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਅਗਲੇ 5 ਸਾਲ ਵਿਚ ਦੇਸ਼ ਵਿਚ ਇਕ ਵੀ ਗਰੀਬ ਨਹੀਂ ਬਚੇਗਾ। ਉਨ੍ਹਾਂ ਨੇ ਸਭਾ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਸਵੱਛ ਭਾਰਤ ਮਿਸ਼ਨ ਦਾ ਵੀ ਜ਼ਿਕਰ ਕੀਤਾ।