ਨਵੀਂ ਦਿੱਲੀ—ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਹੋਏ ਥੱਪੜਕਾਂਡ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਐਤਵਾਰ ਨੂੰ ਪ੍ਰੈਸ ਕਾਂਨਫਰੰਸ ਕੀਤੀ। ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਹੁਣ ਤੱਕ 9 ਵਾਰ ਹਮਲਾ ਕੀਤੇ ਜਾ ਚੁੱਕੇ ਹਨ ਅਤੇ 33 ਕੇਸ ਦਰਜ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਦਿੱਲੀ ਦੀ ਜਨਤਾ ‘ਤੇ ਕੀਤਾ ਗਿਆ ਹੈ, ਜੋ ਕਿ ਆਮ ਆਦਮੀ ਪਾਰਟੀ ਦਾ ਅਪਮਾਨ ਹੈ। ਸੀ ਐੱਮ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਨਾਸ਼ਾਹ ਕਰਾਰ ਦਿੰਦੇ ਹੋਏ ਸ਼ਨੀਵਾਰ ਨੂੰ ਹੋਏ ਹਮਲੇ ਦੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਬੋਲਣ ਵਾਲੇ ਲੋਕਾਂ ‘ਤੇ ਚੁਣ-ਚੁਣ ਕੇ ਹਮਲੇ ਕੀਤੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਨਵੀਂ ਦਿੱਲੀ ਲੋਕ ਸਭਾ ਖੇਤਰ ਦੇ ਮੋਤੀ ਨਗਰ ਵਿਧਾਨ ਸਭਾ ‘ਚ ਚੋਣ ਪ੍ਰਚਾਰ ਕਰ ਰਹੇ ਸੀ। ਰੋਡ ਸ਼ੋਅ ਦੌਰਾਨ ਸੁਰੇਸ਼ ਅਚਾਨਕ ਸੀ. ਐੱਮ. ਕੇਜਰੀਵਾਲ ਦੀ ਜੀਪ ਦੀ ਬੋਨਟ ‘ਤੇ ਚੜ੍ਹ ਗਿਆ ਅਤੇ ਉਸ ਨੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਸਮਰਥਕਾਂ ਨੇ ਉਸ ਨੂੰ ਫੜ੍ਹ ਕੇ ਕੁੱਟਿਆ ਗਿਆ ਪਰ ਬਾਅਦ ‘ਚ ਪੁਲਸ ਨੇ ਹਿਰਾਸਤ ‘ਚ ਲੈ ਲਿਆ।