ਭੁਵਨੇਸ਼ਵਰ— ਓਡੀਸ਼ਾ ‘ਚ ਦੋ ਦਿਨ ਪਹਿਲਾਂ ਆਏ ਭਿਆਨਕ ਚੱਕਰਵਾਤੀ ਤੂਫਾਨ ਫਾਨੀ ‘ਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 29 ‘ਤੇ ਪਹੁੰਚ ਗਈ। ਇਸ ਤੂਫਾਨ ਕਾਰਨ ਵੱਡੇ ਪੱਧਰ ‘ਤੇ ਬਰਬਾਦੀ ਹੋਈ ਹੈ ਅਤੇ ਸੈਂਕੜੇ ਲੋਕਾਂ ਨੂੰ ਪਾਣੀ ਅਤੇ ਬਿਜਲੀ ਨਾ ਮਿਲਣ ਦੀ ਸਮੱਸਿਆ ਤੋਂ ਲੰਘਣਾ ਪੈ ਰਿਹਾ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਆਫਤ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਪੈਕੇਜ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੁਰੀ ਅਤੇ ਬੇਹੱਦ ਗੰਭੀਰ ਰੂਪ ਨਾਲ ਪ੍ਰਭਾਵਿਤ ਖੁਰਦਾ ਦੇ ਕੁਝ ਹਿੱਸਿਆਂ ਵਿਚ ਸਾਰੇ ਪਰਿਵਾਰਾਂ ਨੂੰ 50 ਕਿਲੋਗ੍ਰਾਮ ਚਾਵਲ, 2,000 ਰੁਪਏ ਨਕਦ ਅਤੇ ਪਾਲੀਥੀਨ ਸ਼ੀਟ ਮਿਲੇਗੀ, ਜੇਕਰ ਉਹ ਖੁਰਾਕ ਸੁਰੱਖਿਆ ਕਾਨੂੰਨ (ਐੱਫ. ਐੱਸ. ਏ.) ਤਹਿਤ ਆਉਂਦੇ ਹੋਣਗੇ।
ਪਟਨਾਇਕ ਨੇ ਕਿਹਾ ਕਿ ਕਟਕ, ਕੇਂਦਰਪਾੜਾ ਅਤੇ ਜਗਤਸਿੰਘਪੁਰ ਦੇ ਪ੍ਰਭਾਵਿਤ ਜ਼ਿਲਿਆਂ ਦੇ ਲੋਕਾਂ ਨੂੰ ਵੀ ਇਕ ਮਹੀਨੇ ਦਾ ਚਾਵਲ ਦਾ ਕੋਟਾ ਅਤੇ 500 ਰੁਪਏ ਨਕਦ ਦਿੱਤੇ ਜਾਣਗੇ। ਨਾਲ ਹੀ ਮੁੱਖ ਮੰਤਰੀ ਨੇ ਪੂਰਨ ਤੌਰ ‘ਤੇ ਨੁਕਸਾਨੇ ਗਏ ਘਰਾਂ ਲਈ 95,100 ਰੁਪਏ ਦੀ ਮਦਦ, ਘੱਟ ਨੁਕਸਾਨੇ ਘਰਾਂ ਲਈ 52,000 ਰੁਪਏ ਅਤੇ ਬਹੁਤ ਘੱਟ ਯਾਨੀ ਕਿ ਹਲਕੇ-ਫੁਲਕੇ ਨੁਕਸਾਨ ਝੱਲਣ ਵਾਲੇ ਘਰਾਂ ਲਈ 3200 ਰੁਪਏ ਦੀ ਆਰਥਿਕ ਮਦਦ ਦਾ ਐਲਾਨ ਵੀ ਕੀਤਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਨਾਇਕ ਨੇ ਦਾਅਵਾ ਕੀਤਾ ਕਿ ਸਭ ਤੋਂ ਵਧ ਪ੍ਰਭਾਵਿਤ ਪੁਰੀ ਨਗਰ ਦੇ 70 ਫੀਸਦੀ ਇਲਾਕਿਆਂ ਅਤੇ ਰਾਜਧਾਨੀ ਭੁਵਨੇਸ਼ਵਰ ਦੇ 40 ਫੀਸਦੀ ਥਾਵਾਂ ‘ਤੇ ਪਾਣੀ ਦੀ ਸਪਲਾਈ ਬਹਾਲ ਹੋ ਗਈ ਹੈ। ਹਾਲਾਂਕਿ ਮੁੱਖ ਮੰਤਰੀ ਨੇ ਪ੍ਰਭਾਵਿਤ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਲਈ ਜਾਰੀ ਕੰਮ ਦੀ ਸਥਿਤੀ ‘ਤੇ ਕੋਈ ਵੇਰਵਾ ਨਹੀਂ ਦਿੱਤਾ। ਸੂਬੇ ਦੇ ਮੁੱਖ ਸਕੱਤਰ ਏ. ਪੀ. ਪਾੜੀ ਮੁਤਾਬਕ 29 ‘ਚੋਂ 21 ਮੌਤਾਂ ਪੁਰੀ ਦੀ ਤੀਰਥ ਨਗਰੀ ਵਿਚ ਹੋਈਆਂ, ਜਿੱਥੇ ਤੂਫਾਨ ਸ਼ੁੱਕਰਵਾਰ ਨੂੰ ਪਹੁੰਚਿਆ ਸੀ। ਸੂਬਾ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਓਡੀਸ਼ਾ ਦਾ ਦੌਰਾ ਕਰ ਸਕਦੇ ਹਨ।