ਹੁਸ਼ਿਆਰਪੁਰ— ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਅਪਸ਼ਬਦ ਬੋਲਣ ‘ਤੇ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ਸ਼ਵੇਤ ਮਲਿਕ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਬੋਲਣ ਸਮੇਂ ਆਪਣੀ ਮਰਿਆਦਾ ਦਾ ਧਿਆਨ ਰੱਖਣ। ਦਰਅਸਲ ਲੋਕ ਸਭਾ ਚੋਣਾਂ ਨੂੰ ਲੈ ਕੇ ਚੱਬੇਵਾਲ ਹੁਸ਼ਿਆਰਪੁਰ ‘ਚ ਚੋਣਾਵੀ ਮੁਹਿੰਮ ਦੌਰਾਨ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਅੱਜ ਦਰਜਨ ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਇਕ ਪਾਸੇ ਜਿੱਥੇ ਰਾਜ ਕੁਮਾਰ ਨੇ ਕਾਂਗਰਸ ਦਾ ਗੁਣਗਾਣ ਕੀਤਾ, ਉਥੇ ਹੀ ਮੋਦੀ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਭਾਜਪਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਨਵਜੋਤ ਸਿੰਘ ਸਿੱਧੂ ‘ਤੇ ਉਨ੍ਹਾਂ ਨੇ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਅਜਿਹੀ ਭਾਸ਼ਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੀ ਅਤੇ ਉਹ ਬੋਲਣ ਸਮੇਂ ਆਪਣੀ ਮਰਿਆਦਾ ਦਾ ਧਿਆਨ ਰੱਖਣ। ਇਸ ਮੌਕੇ ਰਾਜ ਕੁਮਾਰ ਚੱਬੇਵਾਲ ਦੇ ਨਾਲ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਮੌਜੂਦ ਰਹੇ।
ਦੱਸ ਦੇਈਏ ਕਿ ਬੀਤੇ ਦਿਨ ਹੁਸ਼ਿਆਰਪੁਰ ‘ਚ ਸ਼ਵੇਤ ਮਲਿਕ ਨੇ ਸਿੱਧੂ ‘ਤੇ ਨਿਸ਼ਾਨੇ ਸਾਧਦੇ ਹੋਏ ਉਨ੍ਹਾਂ ਨੂੰ ਬਰਸਾਤੀ ਡੱਡੂ, ਭ੍ਰਿਸ਼ਟਾਚਾਰ, ਧੋਖੇਬਾਜ਼, ਗੱਦਾਰ ਕਹਿ ਦਿੱਤਾ ਸੀ। ਇਸ਼ ਦੇ ਨਾਲ ਹੀ ਸਿੱਧੂ ਦੀ ਤੁਲਨਾ ਭੰਡ ਨਾਲ ਕਰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਸੀ ਕਿ ਪੈਸੇ ਦੇ ਕੇ ਸਿੱਧੂ ਕੋਲੋਂ ਕੁਝ ਵੀ ਬੁਲਵਾ ਲਵੋ। ਇਸ ਦੇ ਵਿਰੁੱਧ ਭਾਵੇਂ ਠਹਾਕੇ ਲਗਵਾ ਲਵੋ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਈ ਵਾਰ ਸਿੱਧੂ ਨੂੰ ਸਮਝਾ ਚੁੱਕੇ ਹਨ ਪਰ ਉਹ ਬਾਜ਼ ਨਹੀਂ ਆ ਰਹੇ। ਇਸ ਲਈ ਕਾਂਗਰਸ ਉਸ ਨੂੰ ਕੇਰਲ ਭੇਜ ਦਿੱਤਾ ਪਰ ਕੇਰਲ ‘ਚ ਵੀ ਸਿੱਧੂ ਖਾਂਦਾ ਭਾਰਤ ਦਾ ਹੈ ਅਤੇ ਗੁਣਗਾਣ ਪਾਕਿਸਤਾਨ ਦਾ ਕਰਦਾ ਹੈ।