ਅਗਸਤਾ ਵੈਸਟਲੈਂਡ ਮਾਮਲੇ ‘ਚ ਦੋਸ਼ੀ ਗੌਤਮ ਖੇਤਾਨ ਦੀ ਪਤਨੀ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ-ਦਿੱਲੀ ਦੀ ਅਦਾਲਤ ਨੇ ਅੱਜ ਭਾਵ ਸ਼ਨੀਵਾਰ ਨੂੰ ਅਗਸਤਾ ਵੈਸਟਲੈਂਡ ਘਪਲੇ ਦੇ ਦੋਸ਼ੀ ਗੌਤਮ ਖੇਤਾਨ ਦੀ ਪਤਨੀ ਰਿਤੂ ਖੇਤਾਨ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਹੈ। ਚਾਰਜਸ਼ੀਟ ਦਾਖਲ ਕਰਨ ਤੋਂ ਬਾਅਦ ਰਿਤੂ ਖੇਤਾਨ ਨੂੰ ਸੰਮਨ ਜਾਰੀ ਕੀਤਾ ਗਿਆ ਸੀ।ਇਸ ਤੋਂ ਬਾਅਦ ਰਿਤੂ ਖੇਤਾਨ ਕੋਰਟ ‘ਚ ਪਹੁੰਚੀ, ਜਿਥੇ ਉਸ ਨੂੰ ਸਪੈਸ਼ਲ ਜੱਜ ਅਰਵਿੰਦ ਕੁਮਾਰ ਵੱਲੋਂ ਰਾਹਤ ਦਿੱਤੀ ਗਈ ਹੈ। ਇਸ ਮਾਮਲੇ ‘ਚ ਕੋਰਟ ਨੇ 16 ਅਪ੍ਰੈਲ ਨੂੰ ਗੌਤਮ ਖੇਤਾਨ ਨੂੰ ਸ਼ਰਤੀਆਂ ਜ਼ਮਾਨਤ ਦਿੱਤੀ ਸੀ ਅਤੇ ਕੋਰਟ ਨੇ ਗੌਤਮ ਖੇਤਾਨ ਨੂੰ ਕਿਹਾ ਹੈ ਕਿ ਉਹ ਗਵਾਹਾਂ ਅਤੇ ਸਬੂਤਾਂ ਨਾਲ ਛੇੜਛਾੜ ਨਾ ਕਰੇ। ਮਨੀ ਲਾਂਡਰਿੰਗ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵਕੀਲ ਗੌਤਮ ਖੇਤਾਨ ਨੂੰ ਗ੍ਰਿਫਤਾਰ ਕੀਤਾ ਸੀ। ਖੇਤਾਨ ‘ਤੇ ਦੋਸ਼ ਹੈ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ੀ ਖਾਤੇ ਆਪਰੇਟ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ ਅਗਸਤਾ ਵੈਸਟਲੈਂਡ ਘਪਲੇ ਮਾਮਲੇ ‘ਚ ਸਤੰਬਰ 2014 ‘ਚ ਖੇਤਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਜਨਵਰੀ 2015 ‘ਚ ਉਹ ਜ਼ਮਾਨਤ ‘ਤੇ ਬਾਹਰ ਆ ਗਿਆ ਸੀ। ਇਸ ਤੋਂ ਬਾਅਦ ਦਸੰਬਰ 2016 ‘ਚ ਉਨ੍ਹਾਂ ਦੀ ਫਿਰ ਤੋਂ ਗ੍ਰਿਫਤਾਰੀ ਹੋਈ ਅਤੇ ਬਾਅਦ ‘ਚ ਫਿਰ ਤੋਂ ਜ਼ਮਾਨਤ ‘ਤੇ ਛੁੱਟ ਗਿਆ ਸੀ।