ਅਮੇਠੀ (ਉੱਤਰ ਪ੍ਰਦੇਸ਼)— ਸਾਬਕਾ ਕ੍ਰਿਕੇਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੂਰੇ ਦੇਸ਼ ਦੀ ਜਨਤਾ ਨਾਲ ਧੋਖਾ ਕੀਤਾ ਹੈ। ਮੋਦੀ ਨੇ ਚੰਗੇ ਦਿਨ ਲਿਆਉਣ ਦੀ ਗੱਲ ਕਹੀ ਸੀ ਪਰ ਅੱਜ ਤੱਕ ਚੰਗੇ ਦਿਨ ਨਹੀਂ ਆਏ। ਸਿੱਧੂ ਅਮੇਠੀ ਦੇ ਜਗਦੀਸ਼ਪੁਰ ‘ਚ ਵੀਰਵਾਰ ਸ਼ਾਮ ਨੂੰ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅੰਬਾਨੀ, ਅਡਾਨੀ ਵਰਗੇ ਵੱਡੇ ਉਦਯੋਗਪਤੀਆਂ ਦੇ ਚੰਗੇ ਦਿਨ ਜ਼ਰੂਰ ਆ ਗਏ ਹਨ। ਨੀਰਵ ਮੋਦੀ, ਮੇਹੁਲ ਚੌਕਸੀ ਆਦਿ ਨੇ ਕਰੋੜਾਂ ਦੇ ਘਪਲੇ ਕੀਤੇ ਹਨ ਅਤੇ ਉਹ ਸਾਰੇ ਫਰਾਰ ਹੋ ਗਏ। ਸਰਕਾਰ ਚੁੱਪ ਹੈ। ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ ਹੈ, ਕਿਉਂਕਿ ਸਾਰੇ ਗੁਜਰਾਤ ਦੇ ਹਨ।
ਸਿੱਧੂ ਨੇ ਕਿਹਾ ਕਿ ਕਾਲਾ ਧਨ ਲਿਆਉਣ ਦੀ ਮੋਦੀ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ, ਉਹ ਵੀ ਨਹੀਂ ਆਇਾ, ਕਿੱਥੇ ਹੈ ਕਾਲਾ ਧਨ? ਉਨ੍ਹਾਂ ਨੇ ਕਿਹਾ ਕਿ 2 ਕਰੋੜ ਨੌਜਵਾਨਾਂ ਨੂੰ ਹਰ ਸਾਲ ਰੋਜ਼ਗਾਰ ਦੇਣ ਦਾ ਵਾਅਦਾ ਮੋਦੀ ਨੇ ਕੀਤਾ ਸੀ ਪਰ 2 ਲੋਕਾਂ ਨੂੰ ਵੀ ਰੋਜ਼ਗਾਰ ਨਹੀਂ ਮਿਲਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਮੇਠੀ ਦਾ ਵਿਕਾਸ ਸਿਰਫ਼ ਕਾਂਗਰਸ ਨੇ ਹੀ ਕੀਤਾ ਹੈ। ਅੱਜ ਪੈਟਰੋਲੀਅਮ ਇੰਸਟੀਚਿਊਟ, ਐੱਚ.ਏ.ਐੱਲ., ਬੀ.ਐੱਚ.ਈ.ਐੱਲ., ਇੰਦਰਾ ਗਾਂਧੀ ਉਡਾਣ ਅਕਾਦਮੀ ਇਹ ਸਾਰੇ ਕਾਂਗਰਸ ਦੀ ਦੇਣ ਹਨ, ਭਾਰਤੀ ਜਨਤਾ ਪਾਰਟੀ ਨੇ ਅਮੇਠੀ ਦਾ ਵਿਕਾਸ ਚੋਰੀ ਕੀਤਾ ਹੈ। ਮੋਦੀ ਦੇਸ਼ ਦਾ ਵਿਕਾਸ ਕਰਨ ‘ਚ ਵੀ ਅਸਫ਼ਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਮੇਠੀ ਦੀ ਜਨਤਾ ਇਸ ਵਾਰ ਸੰਸਦ ਮੈਂਬਰ ਨਹੀਂ ਇਕ ਪ੍ਰਧਾਨ ਮੰਤਰੀ ਨੂੰ ਚੁਣਨ ਜਾ ਰਹੀ ਹੈ।