175 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ
ਨਵੀਂ ਦਿੱਲੀ : ‘ਫ਼ੇਨੀ’ ਤੂਫ਼ਾਨ ਕਾਰਨ ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਪੂਰਬੀ ਗੋਦਾਵਰੀ, ਵਿਸ਼ਾਖਾਪਟਨਮ, ਵਿਜਿਆਨਾਗ੍ਰਾਮ ਅਤੇ ਸ਼੍ਰੀਕਾਕੁਲਮ ਵਿਚ ਚੋਣ ਜ਼ਾਬਤੇ ‘ਚ ਛੋਟ ਦਿੱਤੀ ਹੈ। ਇਹ ਫ਼ੈਸਲਾ ਰਾਹਤ ਕਾਰਜਾਂ ਵਿਚ ਆਉਣ ਵਾਲੀਆਂ ਸਾਰੀਆਂ ਸੰਭਾਵੀ ਰੁਕਾਵਟਾਂ ਨੂੰ ਦੇਖਦਿਆਂ ਲਿਆ ਗਿਆ ਹੈ। 1999 ਵਿਚ ਆਏ ਸੁਪਰ ਸਾਈਕਲੋਨ ਤੋਂ ਬਾਅਦ ਸਭ ਤੋਂ ਖਤਰਨਾਕ ਤੂਫਾਨ ਮੰਨਿਆ ਜਾ ਰਿਹਾ ‘ਫੈਨੀ’ ਅੱਜ ਸਵੇਰੇ ਪਹਿਲਾਂ ਓੜੀਸਾ ਦੇ ਪੁਰੀ ਤਟ ਨਾਲ ਟਕਰਾ ਗਿਆ। ਇਸ ਨਾਲ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਹਜ਼ਾਰਾਂ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ ਅਤੇ ਨੀਵੀਆਂ ਥਾਵਾਂ ‘ਤੇ ਪਾਣੀ ਭਰ ਗਿਆ। ਜਿਸ ਸਮੇਂ ਤੂਫਾਨ ਪੁਰੀ ਤਟ ਨਾਲ ਟਕਰਾਇਆ, ਹਵਾ ਦੀ ਰਫਤਾਰ 175 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਕਰਕੇ ਦੋ ਵਿਅਕਤੀਆਂ ਦੀ ਮੌਤ ਵੀ ਹੋ ਗਈ ਹੈ।