ਨਵੀਂ ਦਿੱਲੀ— ਦਿੱਲੀ ‘ਚ ਲੋਕ ਸਭਾ ਚੋਣਾਂ 12 ਮਈ ਨੂੰ 6ਵੇਂ ‘ਚ ਹੋਣੀਆਂ ਹਨ, ਅਜਿਹੇ ‘ਚ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਪੂਰਬੀ ਦਿਲੀ ਦੀ ਗਾਂਧੀ ਨਗਰ ਸੀਟ ਤੋਂ ਵਿਧਾਇਕ ਅਤੇ ਪੂਰਬੀ ਜ਼ਿਲਾ ਵਿਕਾਸ ਕਮੇਟੀ ਦੇ ਚੇਅਰਮੈਨ ਅਨਿਲ ਵਾਜਪਾਈ ਵੀਰਵਾਰ ਦੁਪਹਿਰ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ। 12 ਮਈ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਉਨ੍ਹਾਂ ਦਾ ਭਾਜਪਾ ‘ਚ ਜਾਣਾ ਆਪ ਲਈ ਵੱਡਾ ਝਕਟਾ ਮੰਨਿਆ ਜਾ ਰਿਹਾ ਹੈ। ਪਾਰਟੀ ਛੱਡਣ ਦੇ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਅਨਿਲ ਵਾਜਪਾਈ ਕਾਂਗਰਸ ਨਾਲ ਗਠਜੋੜ ਨੂੰ ਲੈ ਕੇ ਕੇਜਰੀਵਾਲ ਦੀਆਂ ਕੋਸ਼ਿਸ਼ਾਂ ਤੋਂ ਨਾਰਾਜ਼ ਚੱਲ ਰਹੇ ਸਨ, ਜਿਸ ਕਾਰਨ ਹੁਣ ਉਨ੍ਹਾਂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ ਹੈ।
ਅਨਿਲ ਸਮੇਤ ਵੱਡੀ ਗਿਣਤੀ ‘ਚ ਆਪ ਵਰਕਰ ਭਾਜਪਾ ‘ਚ ਸ਼ਾਮਲ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਭਾਜਪਾ ਪ੍ਰਦੇਸ਼ ਦਫ਼ਤਰ ‘ਚ ਵਿਧਾਇਕ ਅਨਿਲ ਵਾਜਪਾਈ ਨਾਲ ‘ਆਪ’ ਵਰਕਰ ਵੀ ਵੱਡੀ ਗਿਣਤੀ ‘ਚ ਭਾਜਪਾ ‘ਚ ਸ਼ਾਮਲ ਹੋ ਗਏ। ਭਾਜਪਾ ਦੇ ਪ੍ਰਦੇਸ਼ ਇੰਚਾਰਜ ਸ਼ਯਾਮ ਜਾਜੂ ਨੇ ਸਾਰਿਆਂ ਨੂੰ ਮੈਂਬਰਤਾ ਦਿਵਾਈ। ਉੱਥੇ ਹੀ ਵਾਰਡ ਪ੍ਰਧਾਨ ਅਤੇ ਆਪ ਦੇ ਸੰਸਥਾਪਕ ਗੌਰਵ ਸ਼ਰਮਾ ਨੇ ਵੀ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਕੇਜਰੀਵਾਲ ਅਨਿਲ ਦਾ ਕੀਤਾ ਸੀ ਅਪਮਾਨ
ਗੌਰਵ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਾਜਪਾਈ ਸਮੇਤ ਕਈ ਵਰਕਰ ਭਾਜਪਾ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਭਰੀ ਸਭਾ ‘ਚ ਵਿਧਾਇਕ ਅਨਿਲ ਵਾਜਪਾਈ ਨੂੰ ਇਤਰਾਜ਼ਯੋਗ ਸ਼ਬਦ ਕਹੇ ਸਨ।
ਚੋਣਾਂ ਲੜਨ ਲਈ ਵਿਧਾਇਕਾਂ ਤੋਂ 3-3 ਕਰੋੜ ਮੰਗੇ
ਇਹ ਵੀ ਖੁਲਾਸਾ ਕੀਤਾ ਹੈ ਕਿ ਚੋਣਾਂ ਲੜਨ ਲਈ ਇਕ-ਇਕ ਵਿਧਾਇਕ ਤੋਂ 3-3 ਕਰੋੜ ਰੁਪਏ ਮੰਗੇ ਗਏ ਸਨ, ਜਿਨ੍ਹਾਂ ਨੇ ਦੇਣ ਤੋਂ ਇਨਕਾਰ ਕੀਤਾ, ਉਨ੍ਹਾਂ ਨੂੰ ਪਾਰਟੀ ਨੇ ਸਾਈਡ ਲਾਈਨ ਕਰ ਦਿੱਤਾ। ਅਨਿਲ ਵਾਜਪਾਈ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਸੀ, ਇਸ ਲਈ ਉਹ ਮੁੱਖ ਮੰਤਰੀ ਦੇ ਨਿਸ਼ਾਨੇ ‘ਤੇ ਸਨ। ਪਾਰਟੀ ਦਾ ਆਦੇਸ਼ ਸੀ ਕਿ ਜੋ ਵਿਅਕਤੀ ਪੈਸੇ ਨਾ ਦੇਵੇ, ਉਸ ਦੀ ਦੁਕਾਨ ਸੀਲ ਕਰਵਾਓ, ਜੇਕਰ ਮਕਾਨ ਬਣ ਰਿਹਾ ਹੋਵੇ ਤਾਂ ਮਕਾਨਾਂ ਨੂੰ ਤੁੜਵਾ ਦਿਓ। ਉਨ੍ਹਾਂ ਨੇ ਕਿ ਈਮਾਨਦਾਰੀ ਲਈ ਭਾਜਪਾ ਦਾ ਹੱਥ ਫੜਿਆ ਹੈ।