ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਆਉਣ ਵਾਲੇ ਗੇੜ ਦੀ ਵੋਟਿੰਗ ਥੋੜ੍ਹੀ ਪਹਿਲਾਂ ਸ਼ੁਰੂ ਕਰਨ ਸੰਬੰਧੀ ਇਕ ਪਟੀਸ਼ਨ ‘ਤੇ ਉੱਚਿਤ ਆਦੇਸ਼ ਜਾਰੀ ਕਰਨ ਦਾ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ। ਚੀਫ ਜਸਟਿਸ ਰੰਜਨ ਗੋਗੋਈ, ਦੀਪਕ ਗੁਪਤ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਪੇਸ਼ੇ ਤੋਂ ਵਕੀਲ ਨਿਜਾਮ ਪਾਸ਼ਾ ਦੀ ਪਟੀਸ਼ਨ ‘ਤੇ ਕਮਿਸ਼ਨ ਦੀ ਪਟੀਸ਼ਨਕਰਤਾ ਦੀ ਮੰਗ ‘ਤੇ ਵਿਚਾਰ ਕਰਨ ਅਤੇ ਉਸ ‘ਤੇ ਉੱਚਿਤ ਆਦੇਸ਼ ਜਾਰੀ ਕਰਨ ਦਾ ਨਿਰਦੇਸ਼ ਦਿੱਤਾ।
ਪਟੀਸ਼ਨਕਰਤਾ ਵਲੋਂ ਸੀਨੀਅਰ ਐਡਵੋਕੇਟ ਮੀਨਾਕਸ਼ੀ ਅਰੋੜਾ ਨੇ ਬੈਂਚ ਦੇ ਸਾਹਮਣੇ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਨੇ ਬੈਂਚ ਅਪੀਲ ਕੀਤੀ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਬਾਕੀ ਤਿੰਨ ਗੇੜਾਂ ਦੀ ਵੋਟਿੰਗ ਦੌਰਾਨ ਭਿਆਨਕ ਗਰਮੀ ਦਾ ਸ਼ੱਕ ਜ਼ਾਹਰ ਕੀਤਾ ਹੈ, ਨਾਲ ਹੀ ਮੁਸਲਿਮ ਭਰਾਵਾਂ ਦਾ ਪਵਿੱਤਰ ਰਮਜਾਨ ਵੀ ਸ਼ੁਰੂ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਵੋਟਿੰਗ ਨੂੰ ਪਹਿਲਾਂ ਤੋਂ ਤੈਅ ਸਮੇਂ ਤੋਂ ਪਹਿਲਾਂ ਸਵੇਰੇ 7 ਵਜੇ ਤੋਂ ਸ਼ੁਰੂ ਕਰਨ ਦੀ ਬਜਾਏ ਥੋੜ੍ਹਾ ਹੋਰ ਪਹਿਲੇ ਸ਼ੁਰੂ ਕਰਨ ਦਾ ਨਿਰਦੇਸ਼ ਕਮਿਸ਼ਨ ਨੂੰ ਦਿੱਤਾ ਜਾਵੇ।
ਪਟੀਸ਼ਨਕਰਤਾ ਨੇ ਦੇਸ਼ ਦੇ ਕਈ ਹਿੱਸਿਆਂ ‘ਚ ਪ੍ਰਚੰਡ ਗਰਮੀ ਅਤੇ ਰਮਜਾਨ ਦੇ ਤਿਉਹਾਰ ਦੇ ਮੱਦੇਨਜ਼ਰ ਲੋਕ ਸਭਾ ਚੋਣਾਂ ਦੇ 5ਵੇਂ, 6ਵੇਂ ਅਤੇ 7ਵੇਂ ਗੇੜ ਲਈ 6 ਮਈ, 12 ਮਈ ਅਤੇ 19 ਮਈ ਨੂੰ ਹੋਣ ਵਾਲੀ ਵੋਟਿੰਗ ਦਾ ਸਮਾਂ (ਸਵੇਰੇ 7 ਦੀ ਬਜਾਏ) ਸਵੇਰੇ 4.30 ਜਾਂ 5 ਵਜੇ ਕਰਨ ਦਾ ਨਿਰਦੇਸ਼ ਚੋਣ ਕਮਿਸ਼ਨ ਨੂੰ ਦੇਣ ਦੀ ਅਪੀਲ ਆਪਣੀ ਪਟੀਸ਼ਨ ‘ਚ ਕੀਤੀ ਸੀ।