ਜਲੰਧਰ: ‘ਜਗ ਬਾਣੀ’ ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਨੇਤਾ ਜੀ ਸਤਿ ਸ੍ਰੀ ਅਕਾਲ’ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ‘ਜਗ ਬਾਣੀ ‘ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਕੀਤੀ ਗਈ ਵਿਸ਼ੇਸ਼ ਇੰਟਰਵਿਊ ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਉਨ੍ਹਾਂ ਨੇ ਇੰਡਸਟਰੀ ਵਾਲਿਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਉਦਯੋਗਾਂ ‘ਚ ਨਿਕਲ ਰਹੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਉਣੇ ਪੈਣਗੇ। ਜੇ ਕੋਈ ਇੰਡਸਟਰੀ ਇਸ ਤਰ੍ਹਾਂ ਨਹੀਂ ਕਰਦੀ ਤਾਂ ਉਹ ਉਸ ਨੂੰ ਚੱਲਣ ਨਹੀਂ ਦੇਣਗੇ।
ਸ : ਚੋਣਾਂ ਵਿਚ ਹਵਾ-ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਦਾ ਮਾਮਲਾ ਕਿਉਂ ਨਹੀਂ ਹੈ?
ਜ : ਪਾਣੀ ਦਾ ਮਸਲਾ ਤਾਂ ਮੈਂ 10 ਸਾਲ ਤੋਂ ਉਠਾ ਰਿਹਾ ਹਾਂ। ਮੈਂ ਹੀ ਐੱਸ. ਵਾਈ. ਐੱਲ. ਦਾ ਪਾਣੀ ਹਰਿਆਣਾ ਨੂੰ ਨਾ ਦੇਣ ਲਈ ਵਿਧਾਨ ਸਭਾ ਵਿਚ ਬਿੱਲ ਪਾਸ ਕਰਵਾਇਆ ਸੀ। ਮੈਂ 1970-80 ਦੇ ਦਹਾਕੇ ਤੋਂ ਪੰਜਾਬ ਦੇ ਪਾਣੀ ਲਈ ਗੰਭੀਰ ਹਾਂ। ਪੰਜਾਬੀਆਂ ਦਾ ਦਿਲ ਵੱਡਾ ਹੁੰਦਾ ਹੈ। ਜੇ ਸਾਡੇ ਕੋਲ ਕੋਈ ਚੀਜ਼ ਵੱਧ ਹੈ ਤਾਂ ਅਸੀਂ ਮਨ੍ਹਾ ਨਹੀਂ ਕਰਦੇ ਪਰ ਪਾਣੀ ਸਾਡੇ ਕੋਲ ਨਹੀਂ ਹੈ ਤਾਂ ਅਸੀਂ ਕਿਵੇਂ ਦੇ ਸਕਦੇ ਹਾਂ? ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। 80 ਫੀਸਦੀ ਪੰਜਾਬ ਵਿਚ ਪਾਣੀ ਇੰਨਾ ਡੂੰਘਾ ਹੈ ਕਿ ਟਿਊਬਵੈੱਲ ਨਹੀਂ ਲੱਗ ਸਕਦੇ। ਅਜਿਹੀ ਹਾਲਤ ਵਿਚ ਪੰਜਾਬ ਦਾ ਕਿਸਾਨ ਕਿਥੇ ਜਾਏਗਾ? ਅਸੀਂ ਇਸਰਾਈਲ ਨਾਲ ਸਮਝੌਤਾ ਕਰ ਕੇ ਵਾਟਰ ਰਿਸੋਰਸਜ਼ ਦੀ ਮੈਨੇਜਮੈਂਟ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਸ : ਪੰਜਾਬ ਵਿਚ ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਕਰ ਰਹੀਆਂ ਇੰਡਸਟਰੀਆਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?
ਜ : ਮੈਂ ਇੰਡਸਟਰੀ ਵਾਲਿਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਉਦਯੋਗਾਂ ਵਿਚੋਂ ਨਿਕਲ ਰਹੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਉਣੇ ਪੈਣਗੇ। ਜੇ ਕੋਈ ਇੰਡਸਟਰੀ ਅਜਿਹਾ ਨਹੀਂ ਕਰੇਗੀ ਤਾਂ ਅਸੀਂ ਉਸ ਨੂੰ ਚੱਲਣ ਨਹੀਂ ਦਿਆਂਗੇ। ਸਰਕਾਰ ਦੀ ਸਖ਼ਤੀ ਦਾ ਅਸਰ ਹੋ ਰਿਹਾ ਹੈ। ਉਦਯੋਗਪਤੀ ਟ੍ਰੀਟਮੈਂਟ ਪਲਾਂਟ ਲਾ ਰਹੇ ਹਨ। ਇਸ ਦੇ ਨਾਲ ਹੀ ਅਸੀਂ ਪ੍ਰਦੂਸ਼ਣ ਰੋਕਣ ਲਈ ਸਾਲਿਡ ਵੇਸਟ ਮੈਨੇਜਮੈਂਟ ‘ਤੇ ਵੀ ਕੰਮ ਕਰ ਰਹੇ ਹਾਂ। 4 ਵੱਡੇ ਸ਼ਹਿਰਾਂ ਜਲੰਧਰ, ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਵਿਚ ਕੂੜੇ ਦੀ ਵਧੀਆ ਮੈਨੇਜਮੈਂਟ ‘ਤੇ ਪ੍ਰਾਜੈਕਟ ਜਲਦੀ ਸ਼ੁਰੂ ਕਰਾਂਗੇ।