ਪਠਾਨਕੋਟ – ਗੁਰਦਾਸਪੁਰ ਲੋਕ ਸਭਾ ਹਲਕੇ ‘ਚ ਨਾਮਜ਼ਦਗੀ ਮੌਕੇ ਬਾਲੀਵੁੱਡ ਅਭਿਨੇਤਾ ਤੇ ਭਾਜਪਾ ਵਲੋਂ ਚੁਣਾਵੀਂ ਸਮਰ ‘ਚ ਉਤਾਰੇ ਗਏ ਸੰਨੀ ਦਿਓਲ ਦੀ ਬਹੁਪ੍ਰਤੀਕਸ਼ਿਤ ਆਮਦ ਨੂੰ ਲੈ ਕੇ ਘੋਸ਼ਣਾ ਕੀਤੀ ਗਈ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ। ਦੱਸ ਦੇਈਏ ਕਿ ਇਸ ਸੰਸਦੀ ਹਲਕੇ ਦੇ 9 ਅਸੈਂਬਲੀ ਸੈਗਮੈਂਟ ‘ਚੋਂ 5 ਹਲਕੇ ਅਕਾਲੀ ਦਲ ਦੇ ਅਧੀਨ ਆਉਂਦੇ ਹਨ ਅਤੇ ਪਿਛਲੀਆਂ ਉੱਪ ਚੋਣਾਂ ‘ਚ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਅਕਾਲੀ ਦਲ ਨੂੰ ਹਾਸ਼ੀਏ ‘ਚ ਲੈਂਦੇ ਹੋਏ ਇਕ ਲੱਖ 93 ਹਜ਼ਾਰ ਦੀ ਲੀਡ ‘ਚ 80 ਫੀਸਦੀ ਲੀਡ ਸੁਨੀਲ ਜਾਖੜ ਨੂੰ ਇਨ੍ਹਾਂ ਨੇ ਉਪਰੋਕਤ ਹਲਕਿਆਂ ‘ਚ ਦਿਵਾਈ ਸੀ। ਅਕਾਲੀ ਦਲ ਦੀ ਇਸ ਅਪ੍ਰਤਿਆਸ਼ਿਤ ਹਾਰ ਮਗਰੋਂ ਸੁਖਬੀਰ ਬਾਦਲ ਨੇ ਪਾਰਟੀ ਨੂੰ ਇਨ੍ਹਾਂ ਖੇਤਰਾਂ ‘ਚ ਮੁੜ ਪੈਰਾਂ ‘ਤੇ ਖੜ੍ਹਾ ਕਰਨ ਦਾ ਯਤਨ ਕੀਤਾ ਪਰ ਹੁਣ ਜਦੋਂ ਤੱਕ ਉਹ ਇਸ ਚੋਣ ਰੈਲੀ ‘ਚ ਹਿੱਸਾ ਲੈਣ ਨਹੀਂ ਆਉਂਦੇ ਉਦੋਂ ਤੱਕ ਅਕਾਲੀਆਂ ‘ਚ ਜੋਸ਼ ਆਉਣਾ ਸੰਭਵ ਨਹੀਂ ਸੀ।
ਦੱਸ ਦੇਈਏ ਕਿ ਇਸ ਰੈਲੀ ‘ਚ ਇਕ ਵੱਡਾ ਖਰਚਾ ਹੁੰਦਾ ਹੈ, ਜਿਸ ‘ਚ ਲੋਕਾਂ ਨੂੰ ਵਾਹਨਾਂ ਦਾ ਕਾਫਿਲਾਂ ਮੁਹੱਈਆ ਕਰਵਾਉਣਾ, ਉਨ੍ਹਾਂ ਦੇ ਲੰਚ ਆਦਿ ਦਾ ਇੰਤਜ਼ਾਮ ਰੈਲੀ ਤੋਂ ਪਹਿਲਾਂ ਕਰਨਾ ਹੁੰਦਾ ਹੈ। ਭਾਜਪਾ ਲਈ ਅਕਾਲੀ ਦਲ ਦੇ ਹਲਕਿਆਂ ‘ਚ ਖਰਚਾ ਕਰਨਾ ਇਕ ਚੁਣੌਤੀਪੂਰਨ ਕੰਮ ਸੀ, ਕਿਉਂਕਿ ਪਿਛਲੀ ਵਾਰ ਤਾਂ ਭਾਜਪਾ ਦੇ ਫਾਇਰ ਬ੍ਰਾਂਡ ਆਗੂ ਸਵਰਨ ਸਲਾਰੀਆ ਨੇ ਇਹ ਜਿੰਮਾ ਆਪਣੇ ਸਿਰ ਲੈ ਲਿਆ ਸੀ ਅਤੇ ਉਨ੍ਹਾਂ ਦੇ ਅਕਾਲੀਆਂ ਨਾਲ ਚੰਗੇ ਸਬੰਧ ਸਨ। ਅਜਿਹੇ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਇਸ ਰੈਲੀ ‘ਚ ਨਾ ਆਉਣ ਦੇ ਦੋ ਸੰਦੇਸ਼ ਗਏ ਹਨ। ਇਕ ਤਾਂ ਇਹ ਕਿ ਰੈਲੀ ਪੂਰੀ ਤਰ੍ਹਾਂ ਨਾਲ ਯੋਜਨਾਬੱਧ ਢੰਗ ਨਾਲ ਸਿਰੇ ਨਹੀਂ ਚੜਾਈ ਜਾ ਸਕੀ ਅਤੇ ਭਾਜਪਾ ਹਾਈਕਮਾਨ ਸੁਖਬੀਰ ਨੂੰ ਇਸ ਰੈਲੀ ‘ਚ ਲਿਆਉਣ ‘ਚ ਅਸਫਲ ਰਹੀ। ਦੂਜਾ ਸੁਖਬੀਰ ਬਾਦਲ ਫਿਰੋਜ਼ਪੁਰ ਹਲਕੇ ਤੋਂ ਅਤੇ ਹਰਸਿਮਰਤ ਬਾਦਲ ਬਠਿੰਡਾ ਹਲਕੇ ਤੋਂ ਚੋਣ ਲੜ ਰਹੇ ਹਨ। ਸੁਖਬੀਰ ਬਾਦਲ ਇਸ ਮੌਕੇ ਜਿਥੇ ਅਕਾਲੀ ਦਲ ਦੇ ਸੁਪਰੀਮੋ ਹਨ, ਉਥੇ ਹੀ ਉਨ੍ਹਾਂ ਦੀ ਪਤਨੀ ਕੇਂਦਰੀ ਰਾਜਮੰਤਰੀ ਰਹੀ ਹੈ।