ਚੰਡੀਗੜ੍ਹ—ਹਰਿਆਣਾ ਦੇ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮਨੋਹਰ ਲਾਲ ਖੱਟੜ ਨੇ ਅੱਜ ਭਾਵ ਬੁੱਧਵਾਰ ਨੂੰ ਸੂਬੇ ਦੇ ਕਰੂਕਸ਼ੇਤਰ ਜ਼ਿਲੇ ਦੇ ਲਾਡਵਾ ਇਲਾਕੇ ‘ਚ ਇੱਕ ਚੋਣ ਜਨਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ”ਜਿਸ ਵਿਅਕਤੀ ‘ਤੇ ਪਾਰਟੀ ਦੇ ਲੋਕ ਭਰੋਸਾ ਨਹੀਂ ਕਰ ਰਹੇ ਤਾਂ ਉਸ ‘ਤੇ ਜਨਤਾ ਕਿਉਂ ਭਰੋਸਾ ਕਰੇਗੀ?”
ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਰਾਹੁਲ ਗਾਂਧੀ ਨੂੰ ਲੈ ਕੇ ਅੱਗੇ ਇਹ ਕਿਹਾ, ”ਮੈਂ ਤਾਂ ਇੱਥੋ ਤੱਕ ਸੁਣਿਆ ਹੈ ਕਿ ਕਾਂਗਰਸ ਦੇ ਉਮੀਦਵਾਰ ਆਪਣੇ ਵਰਕਰਾਂ ਨੂੰ ਕਹਿ ਰਿਹਾ ਹੈ ਕਿ ਕਾਂਗਰਸ ਦੇ ਨਾਂ ‘ਤੇ ਵੋਟ ਮੰਗ ਲਉ, ਉਮੀਦਵਾਰ ਦੇ ਨਾਂ ‘ਤੇ ਵੋਟ ਮੰਗ ਲਉ ਪਰ ਗਲਤੀ ਨਾਲ ਰਾਹੁਲ ਗਾਂਧੀ ਦੇ ਨਾਂ ‘ਤੇ ਵੋਟ ਨਾਂ ਮੰਗਣਾ।” ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਕਿਉ ਵੋਟ ਦੇਣਾ ਚਾਹੀਦਾ ਕਿਉਂਕਿ ਮੋਦੀ ਹੀ ਇਸ ਦੇਸ਼ ਨੂੰ ਸਮਝ ਸਕੇ ਅਤੇ ਉਨ੍ਹਾਂ ਨੇ ਵਿਕਾਸ ਦੇ ਰਸਤੇ ਕੱਢੇ ਹਨ। ਕਾਂਗਰਸ ਨੇ ਆਪਣੇ ਮੈਨੀਫੈਸਟੋ ‘ਚ ਕਿਹਾ ਹੈ ਕਿ ਦੇਸ਼ ਧ੍ਰੋਹ ਦਾ ਕਾਨੂੰਨ ਖਤਮ ਕਰ ਦੇਵੇਗਾ। ਜੇਕਰ ਦੇਸ਼ ਧ੍ਰੋਹ ਦਾ ਕਾਨੂੰਨ ਖਤਮ ਕਰੋਗੇ ਤਾਂ ਦੇਸ਼ ਦੇ ਟੁਕੜੇ ਕਰਨ ਵਾਲੇ ਅਤੇ ਟੁਕੜੇ-ਟੁਕੜੇ ਗੈਂਗ ਦੇ ਲੋਕ ਸਰਗਰਮ ਹੋ ਜਾਣਗੇ ਅਤੇ ਦੇਸ਼ ਦੇ ਟੁਕੜੇ ਕਰਨ ਲਈ ਆਜ਼ਾਦੀ ਨੂੰ ਖਤਰੇ ‘ਚ ਪਾਉਣਗੇ।
ਸੀ. ਐੱਮ. ਖੱਟੜ ਨੇ ਕਿਹਾ, ”ਕਾਂਗਰਸ ਦੇ ਲੋਕ ਇਸ ਦੇਸ਼ ਨੂੰ ਜ਼ਮੀਨ ਦਾ ਟੁਕੜਾ ਮੰਨਦੇ ਹਨ, ਇੰਨੇ ਕਿਲੋਮੀਟਰ ਚੌੜਾਈ, ਲੰਬਾਈ ਹੈ ਅਤੇ ਦੇਸ਼ ਬਣ ਜਾਵੇਗਾ ਪਰ ਦੇਸ਼ ਅਜਿਹਾ ਨਹੀਂ ਹੈ, ਇਸ ਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆ ਹਨ। ਅਸੀਂ ਇਸ ਦੇਸ਼ ਨੂੰ ਜ਼ਮੀਨ ਦਾ ਟੁਕੜਾ ਨਹੀਂ ਮੰਨਿਆ, ਅਸੀਂ ਇਸ ਨੂੰ ਆਪਣੀ ਮਾਂ ਮੰਨਿਆ ਹੈ।” ਦੱਸਣਯੋਗ ਹੈ ਕਿ ਹਰਿਆਣਾ ‘ਚ 10 ਸੀਟਾਂ ਲਈ 12 ਮਈ ਨੂੰ ਵੋਟਿੰਗ ਹੋਵੇਗੀ ਅਤੇ 23 ਮਈ ਨੂੰ ਨਤੀਜੇ ਆਉਣਗੇ।