ਨਵੀਂ ਦਿੱਲੀ— ਵਾਰਾਨਸੀ ਲੋਕ ਸਭਾ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦੇਣ ਵਾਲੇ ਤੇਜ ਬਹਾਦੁਰ ਯਾਦਵ ਨੂੰ ਵੱਡਾ ਝਟਕਾ ਲੱਗਾ ਹੈ। ਚੋਣ ਕਮਿਸ਼ਨ ਨੇ ਬੀ. ਐੱਸ. ਐੱਫ. ਦੇ ਸਾਬਕਾ ਜਵਾਨ ਤੇਜ ਬਹਾਦੁਰ ਯਾਦਵ ਦੀ ਉਮੀਦਵਾਰੀ ਨੂੰ ਖਾਰਜ ਕਰ ਦਿੱਤਾ ਹੈ। ਬਹਾਦੁਰ ਦੇ ਨਾਮਜ਼ਦਗੀ ਕਾਗਜ਼ਾਂ ਵਿਚ ਗੜਬੜੀ ਪਾਈ ਗਈ, ਜਿਸ ਕਾਰਨ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ। ਇਹ ਗੱਲ ਖੁਦ ਤੇਜ ਬਹਾਦੁਰ ਨੇ ਨਾਮਜ਼ਦਗੀ ਵਾਲੀ ਥਾਂ ਦੇ ਬਾਹਰ ਆ ਕੇ ਦੱਸੀ। ਇੱਥੇ ਦੱਸ ਦੇਈਏ ਕਿ ਸਮਾਜਵਾਦੀ ਪਾਰਟੀ ਨੇ ਆਪਣੇ ਉਮੀਦਵਾਰ ਸ਼ਾਲਿਨੀ ਯਾਦਵ ਦੀ ਥਾਂ ਤੇਜ ਬਹਾਦੁਰ ਯਾਦਵ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਵਾਰਾਨਸੀ ਸੀਟ ਤੋਂ ਤੇਜ ਬਹਾਦੁਰ, ਮੋਦੀ ਨੂੰ ਟੱਕਰ ਦੇਣ ਲਈ ਖੜ੍ਹੇ ਸਨ, ਜਿੱਥੇ ਆਖਰੀ ਗੇੜ ਯਾਨੀ ਕਿ 19 ਮਈ ਨੂੰ ਵੋਟਾਂ ਪੈਣਗੀਆਂ।
ਇਸ ਲਈ ਹੋਈ ਨਾਮਜ਼ਦਗੀ ਰੱਦ—
ਦਰਅਸਲ ਤੇਜ ਬਹਾਦੁਰ ਦੀ ਉਮੀਦਵਾਰੀ ‘ਤੇ ਤਲਵਾਰ ਸ਼ੁਰੂਆਤ ਤੋਂ ਹੀ ਲਟਕਦੀ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਦੋ ਹਲਫਨਾਮੇ ‘ਚ ਆਪਣੀ ਬਰਖਾਸਤਗੀ ਨਾਲ ਜੁੜੀਆਂ ਦੋ ਵੱਖ-ਵੱਖ ਜਾਣਕਾਰੀਆਂ ਦਿੱਤੀਆਂ ਸਨ। ਉਨ੍ਹਾਂ ਨੇ ਪਹਿਲਾਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ 24 ਅਪ੍ਰੈਲ ਨੂੰ ਵਾਰਾਨਸੀ ਤੋਂ ਨਾਮਜ਼ਦਗੀ ਭਰੀ ਸੀ। ਇਸ ਦੇ ਨਾਲ ਹੀ ਦਿੱਤੇ ਗਏ ਹਲਫਨਾਮੇ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਫੌਜ ਤੋਂ ਉਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਪਰ ਬਾਅਦ ਵਿਚ ਜਦੋਂ ਸਮਾਜਵਾਦੀ ਪਾਰਟੀ ਦੀ ਟਿਕਟ ਮਿਲਣ ‘ਤੇ ਮੁੜ ਨਾਮਜ਼ਦਗੀ (29 ਅਪ੍ਰੈਲ) ਦੇ ਸਮੇਂ ਤੇਜ ਬਹਾਦੁਰ ਨੇ ਜੋ ਹਲਫਨਾਮਾ ਦਾਇਰ ਕੀਤਾ, ਉਸ ‘ਚ ਇਸ ਦੀ ਜਾਣਕਾਰੀ ਨੂੰ ਲੁਕਾ ਲਿਆ ਗਿਆ।