ਮਮਤਾ ਦੇਸ਼ ਨੂੰ ਵੰਡਣ ਦੀ ਮੰਸ਼ਾ ਰੱਖਣ ਵਾਲਿਆਂ ਦਾ ਸਾਥ ਦੇ ਰਹੀ ਹੈ : ਅਮਿਤ ਸ਼ਾਹ

ਕਲਿਆਣ (ਪੱਛਮੀ ਬੰਗਾਲ)— ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ‘ਤੇ ਹਮਲਾ ਤੇਜ਼ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਕਸ਼ਮੀਰ ਨੂੰ ਦੇਸ਼ ਤੋਂ ਵੱਖ ਕਰਨ ਦੀ ਮੰਸ਼ਾ ਰੱਖਣ ਵਾਲਿਆਂ ਦਾ ਸਾਥ ਦੇ ਰਹੀ ਹੈ। ਬੋਗਾਓਂ ਸੰਸਦੀ ਖੇਤਰ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਭਿੰਨ ਅੰਗ ਬਣਿਆ ਰਹੇ, ਇਸ ਲਈ ਭਾਜਪਾ ਲਗਾਤਾਰ ਲੜਾਈ ਜਾਰੀ ਰੱਖੇਗੀ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਕੇਂਦਰ ਦੀ ਸੱਤਾ ‘ਚ ਕੌਣ ਹੈ। ਉਨ੍ਹਾਂ ਨੇ ਕਿਹਾ,”ਅੱਜ ਅਸੀਂ ਸੱਤਾ ‘ਚ ਹਾਂ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ। ਆਉਣ ਵਾਲੇ ਦਿਨਾਂ ‘ਚ ਵੀ ਉਹ ਪ੍ਰਧਾਨ ਮੰਤਰੀ ਬਣੇ ਰਹਿਣਗੇ ਪਰ ਜੇਕਰ ਅਜਿਹਾ ਦਿਨ ਆਇਆ, ਜਦੋਂ ਭਾਜਪਾ ਸੱਤਾ ‘ਚ ਨਹੀਂ ਹੈ, ਉਸ ਦਿਨ ਵੀ ਪਾਰਟੀ ਦੇ ਵਰਕਰ ਇਹ ਯਕੀਨੀ ਕਰਨ ਲਈ ਲੜਦੇ ਰਹਿਣਗੇ ਕਿ ਕਸ਼ਮੀਰ ਭਾਰਤ ਦਾ ਅਭਿੰਨ ਅੰਗ ਬਣਿਆ ਰਹੇ।”
ਸ਼ਾਹ ਨੇ ਦੋਹਰਾਇਆ ਕਿ ਜੇਕਰ ਭਾਜਪਾ ਮੁੜ ਸੱਤਾ ‘ਚ ਆਈ ਤਾਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰ ਦੇਵੇਗੀ। ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ,”ਬੰਗਾਲ ‘ਚ ਤੁਸੀਂ ਸਾਨੂੰ 30 ਸੀਟਾਂ ਦਿਓ ਅਤੇ ਅਸੀਂ ਕੇਂਦਰ ‘ਚ ਭਾਜਪਾ ਦੀ ਅਗਲੀ ਸਰਕਾਰ ਬਣਦੇ ਹੀ ਕਸ਼ਮੀਰ ਤੋਂ ਧਾਰਾ 370 ਖਤਮ ਕਰ ਦੇਵਾਂਗੇ।”
ਸ਼ਾਹ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਬੈਨਰਜੀ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ, ਰਾਜ ਲਈ ਵੱਖ ਪ੍ਰਧਾਨ ਮੰਤਰੀ ਸੰਬੰਧੀ ਗੱਲ ‘ਤੇ ਵੀ ਆਪਣਾ ਰੁਖ ਸਪੱਸ਼ਟ ਕਰਨ। ਉਨ੍ਹਾਂ ਨੇ ਕਿਹਾ,”ਮਮਤਾ ਦੀਦੀ ਉਨ੍ਹਾਂ ਦਾ ਸਾਥ ਦੇ ਰਹੀ ਹੈ, ਜੋ ਭਾਰਤ ਨੂੰ ਵੰਡਣਾ ਚਾਹੁੰਦੇ ਹਨ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਦੇਸ਼ ‘ਚ 2 ਪ੍ਰਧਾਨ ਮੰਤਰੀਆਂ ਦੀ ਉਮਰ ਅਬਦੁੱਲਾ ਦੀ ਮੰਗ ‘ਤੇ ਉਨ੍ਹਾਂ ਦਾ ਕੀ ਰੁਖ ਹੈ?” ਘੁਸਪੈਠੀਆਂ ਨੂੰ ਦੇਸ਼ ਨੂੰ ਖੋਖਲਾ ਕਰਨ ਵਾਲੀ ਦੀਮਕ ਦੱਸਦੇ ਹੋਏ ਸ਼ਾਹ ਨੇ ਕਿਹਾ ਕਿ ਜੇਕਰ ਭਾਜਪਾ ਫਿਰ ਤੋਂ ਸੱਤਾ ‘ਚ ਆਈ ਤਾਂ ਉਨ੍ਹਾਂ ਨੂੰ ਦੇਸ਼ ਤੋਂ ਨਿਕਾਲ ਬਾਹਰ ਸੁੱਟੇਗੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੇ ਸ਼ਾਸਨ ਕਾਲ ‘ਚ ਬੰਬ ਬਣਾਉਣ ਦੀਆਂ ਇਕਾਈਆਂ ਤੋਂ ਇਲਾਵਾ ਹੋਰ ਕੋਈ ਫੈਕਟਰੀ ਨਹੀਂ ਲੱਗੀ ਹੈ। ਬਾਲਾਕੋਟ ਹਵਾਈ ਹਮਲੇ ਦੇ ਸੰਦਰਭ ‘ਚ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੇ 2 ਲੋਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਮਮਤਾ ਬੈਨਰਜੀ ਤੋਂ ਇਲਾਵਾ ਪੂਰੇ ਦੇਸ਼ ਨੇ ਇਸ ਦੀ ਖੁਸ਼ੀ ਮਨਾਈ।