ਨਵੀਂ ਦਿੱਲੀ— ਭਾਜਪਾ ‘ਤੇ ਵਿਧਾਇਕਾਂ ਦੀ ਖਰੀਦ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੇ 7 ਵਿਧਾਇਕਾਂ ਨੂੰ ਭਾਜਪਾ ਨੇ ਆਪਣੇ ਦਲ ‘ਚ ਲਿਆਉਣ ਲਈ 10-10 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਭਾਜਪਾ ਨੇ ਇਸ ਦਾਅਵੇ ਨੂੰ ਅਜੀਬ ਦੋਸ਼ ਦੱਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਧਿਆਨ ਆਕਰਸ਼ਿਤ ਕਰਨ ਲਈ ਬੇਚੈਨ ਹੈ। ਸਿਸੌਦੀਆ ਨੇ ਦੋਸ਼ ਲਗਾਇਆ ਕਿ ਇਸ ਵਾਰ ਵੀ ਜਨਤਾ ਉਨ੍ਹਾਂ ਨੂੰ ਕਰਾਰਾ ਜਵਾਬ ਦੇਵੇਗੀ। ਉਨ੍ਹਾਂ ਨੇ ਕਿਹਾ,”ਹੁਣ ਜਦੋਂ ਕਿ ਭਾਜਪਾ ਕੋਲ ਕੋਈ ਵਿਕਾਸ ਦਾ ਮੁੱਦਾ ਚੁੱਕਣ ਲਈ ਨਹੀਂ ਰਹਿ ਗਿਆ ਤਾਂ ਉਹ ‘ਆਪ’ ਦੇ 7 ਵਿਧਾਇਕਾਂ ਨੂੰ 10-10 ਕਰੋੜ ‘ਚ ਖਰੀਦਣ ਦੀ ਕੋਸ਼ਿਸ਼ ‘ਚ ਜੁਟ ਗਈ ਹੈ।”
ਸਿਸੌਦੀਆ ਨੇ ਪ੍ਰਧਾਨ ਮੰਤਰੀ ਮੋਦੀ ਦੀ ਉਸ ਟਿੱਪਣੀ ਦੀ ਵੀ ਨਿੰਦਾ ਕੀਤੀ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ ਅਤੇ ਜਿਵੇਂ ਹੀ ਭਾਜਪਾ ਆਮ ਚੋਣਾਂ ਜਿੱਤੇਗੀ, ਇਹ ਵਿਧਾਇਕ ਤ੍ਰਿਣਮੂਲ ਕਾਂਗਰਸ ਛੱਡ ਦੱਣਗੇ। ਉਨ੍ਹਾਂ ਨੇ ਕਿਹਾ,”ਇਕ ਪ੍ਰਧਾਨ ਮੰਤਰੀ ਵਲੋਂ ਅਜਿਹਾ ਬਿਆਨ ਦੇਣਾ ਸਹੀ ਨਹੀਂ ਹੈ। ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਇਕ ਲੋਕਤੰਤਰੀ ਦੇਸ਼ ਹੈ ਅੇਤ ਲੋਕਤੰਤਰ ਕਾਰਨ ਹੀ ਉਹ ਪ੍ਰਧਾਨ ਮੰਤਰੀ ਹਨ।” ਸਿਸੌਦੀਆ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਮੀਡੀਆ ਮੁਖੀ ਅਸ਼ੋਕ ਗੋਇਲ ਨੇ ਕਿਹਾ,”ਚੋਣਾਂ ‘ਚ ਹਾਰ ਦੇ ਡਰ ਕਾਰਨ ‘ਆਪ’ ਪਰੇਸ਼ਾਨ ਹੈ ਅਤੇ ਇਸ ਤਰ੍ਹਾਂ ਦਾ ਅਜੀਬ ਦੋਸ਼ ਲੱਗਾ ਕੇ ਉਨ੍ਹਾਂ ਦੇ ਨੇਤਾ ਧਿਆਨ ਆਕਰਸ਼ਿਤ ਕਰਨਾ ਚਾਹੁੰਦੇ ਹਨ।”