ਕਸ਼ਮੀਰੀ ਵਿਦਿਆਰਥੀਆਂ ਨੂੰ ਨਹੀਂ ਹੈ ਕੋਈ ਖਤਰਾ- ਪ੍ਰਕਾਸ਼ ਜਾਵਡੇਕਰ

ਨਵੀਂ ਦਿੱਲੀ— ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ‘ਤੇ ਕਿਸੇ ਵੀ ਹਮਲੇ ਦੀ ਖਬਰ ਤੋਂ ਬੁੱਧਵਾਰ ਨੂੰ ਇਨਕਾਰ ਕੀਤਾ ਅਤੇ ਕਿਹਾ ਕਿ ਘਾਟੀ ਦੇ ਵਿਦਿਆਰਥੀ-ਵਿਦਿਆਰਥਣਾਂ ‘ਤੇ ਕੋਈ ਖਤਰਾ ਨਹੀਂ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲੇ ‘ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਜਾਵਡੇਕਰ ਨੇ ਕਿਹਾ,”ਕਸ਼ਮੀਰੀ ਵਿਦਿਆਰਥੀਆਂ ‘ਤੇ ਕੋਈ ਖਤਰਾ ਨਹੀਂ ਹੈ, ਜਿਵੇਂ ਕਿ ਪੇਸ਼ ਕੀਤਾ ਜਾ ਰਿਹਾ ਹੈ। ਦੇਸ਼ਵਾਸੀ ਪੁਲਵਾਮਾ ਹਮਲੇ ਤੋਂ ਨਾਰਾਜ਼ ਜ਼ਰੂਰ ਹਨ ਪਰ ਉਸ ਤੋਂ ਬਾਅਦ ਕਿਸੇ ਵੀ ਕਸ਼ਮੀਰੀ ਵਿਦਿਆਰਥੀ ‘ਤੇ ਹਮਲਾ ਨਹੀਂ ਹੋਇਆ ਹੈ।
ਵੱਖ-ਵੱਖ ਸ਼ਹਿਰਾਂ ‘ਚ ਕਈ ਕਸ਼ਮੀਰੀ ਵਿਦਿਆਰਥੀਆਂ ‘ਤੇ ਪੁਲਵਾਮਾ ਅੱਤਵਾਦੀ ਹਮਲੇ ਦਾ ਕਥਿਤ ਤੌਰ ‘ਤੇ ਸਮਰਥਨ ਕਰਨ ‘ਤੇ ਰਾਜਧ੍ਰੋਹ ਦੇ ਦੋਸ਼ ਲਗਾਏ ਗਏ ਹਨ। ਦੇਹਰਾਦੂਨ ਦੇ 2 ਕਾਲਜਾਂ ਨੇ ਘਾਟੀ ਦੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਣ ਦਾ ਫੈਸਲਾ ਲਿਆ ਹੈ। ਘਾਟੀ ਦੇ ੱਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਘਟਨਾ (ਪੁਲਵਾਮਾ ਹਮਲੇ) ਤੋਂ ਬਾਅਦ ਉਹ ਡਰ ‘ਚ ਹਨ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਰਾਜ ਤੋਂ ਬਾਹਰ ਰਹਿ ਰਹੇ ਵਿਦਿਆਰਥੀਆਂ ਨੂੰ ਸੋਮਵਾਰ ਨੂੰ ਕਿਸੇ ਵੀ ਅਫਵਾਹ ‘ਤੇ ਧਿਆਨ ਨਾ ਦੇਣ ਅਤੇ ਆਪਣੀਆਂ-ਆਪਣੀਆਂ ਥਾਂਵਾਂ ‘ਤੇ ਰਹਿਣ ਦੀ ਸਲਾਹ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਜਾਰੀ ਕਰ ਕੇ ਕਸ਼ਮੀਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਦਮ ਚੁੱਕਣ ਨੂੰ ਕਿਹਾ ਸੀ। ਉਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਾਰੇ ਦਲਾਂ ਦੀ ਬੈਠਕ ਨੂੰ ਕਸ਼ਮੀਰੀ ਵਿਦਿਆਰਥੀਆਂ ਅਤੇ ਪੁਲਵਾਮਾ ਹਮਲੇ ਤੋਂ ਬਾਅਦ ਕਥਿਤ ਤੌਰ ‘ਤੇ ਧਮਕਾਏ ਗਏ ਲੋਕਾਂ ਨੂੰ ਸੁਰੱਖਿਆ ਉਪਲੱਬਧ ਕਰਵਾਉਣ ਲਈ ਜ਼ਰੂਰੀ ਕਦਮ ਚੁਕਣ ਦਾ ਭਰੋਸਾ ਦਿੱਤਾ ਸੀ।