ਜਵਾਹਰ ਸੁਰੰਗ ਹਾਦਸਾ : ਇਕ ਹੋਰ ਪੁਲਸ ਮੁਲਾਜ਼ਮ ਦੀ ਮਿਲੀ ਲਾਸ਼

ਸ਼੍ਰੀਨਗਰ— ਕੁਲਗਾਮ ਜ਼ਿਲੇ ‘ਚ ਜਵਾਹਰ ਸੁਰੰਗ ਨੇੜੇ ਦੋ ਦਿਨ ਪਹਿਲਾਂ ਬਰਫ ਖਿਸਕਣ ਦੀ ਘਟਨਾ ਮਗਰੋਂ ਲਾਪਤਾ ਹੋਏ ਇਕ ਪੁਲਸ ਮੁਲਾਜ਼ਮ ਦੀ ਲਾਸ਼ ਸ਼ਨੀਵਾਰ ਨੂੰ ਮਿਲੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਲਾਸ਼ ਨੂੰ ਅੱਜ ਸਵੇਰੇ ਲੱਭਿਆ ਗਿਆ ਅਤੇ ਬਰਫ ‘ਚੋਂ ਬਾਹਰ ਕੱਢਿਆ ਗਿਆ। ਦੱਸਣਯੋਗ ਹੈ ਕਿ ਕੁਲਗਾਮ ਜ਼ਿਲੇ ਵਿਚ ਜਵਾਹਰ ਸੁਰੰਗ ਦੇ ਉੱਤਰੀ ਪ੍ਰਵੇਸ਼ ਦੁਆਰ ਵਿਚ ਵੀਰਵਾਰ ਦੀ ਸ਼ਾਮ ਨੂੰ ਬਰਫ ਖਿਸਕ ਗਈ ਅਤੇ ਇਸ ਦੀ ਲਪੇਟ ਵਿਚ ਇਕ ਪੁਲਸ ਚੌਕੀ ਆ ਗਈ, ਜਿਸ ‘ਚੋਂ 10 ਪੁਲਸ ਮੁਲਾਜ਼ ਸੁਰੱਖਿਅਤ ਬਾਹਰ ਨਿਕਲਣ ‘ਚ ਸਫਲ ਰਹੇ, ਜਦਕਿ 10 ਹੋਰ ਉੱਥੇ ਫਸ ਗਏ ਸਨ।
ਪੁਲਸ ਅਧਿਕਾਰੀ ਨੇ ਕਿਹਾ ਕਿ ਖੋਜ ਅਤੇ ਬਚਾਅ ਦਲ ਨੇ ਸ਼ੁੱਕਰਵਾਰ ਨੂੰ 7 ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਦੋ ਪੁਲਸ ਮੁਲਾਜ਼ਮਾਂ ਨੂੰ ਬਚਾਇਆ ਗਿਆ, ਜਦਕਿ ਇਕ ਲਾਪਤਾ ਸੀ। ਇੱਥੇ ਦੱਸ ਦੇਈਏ ਕਿ ਸਮੁੱਚੇ ਕਸ਼ਮੀਰ ਵਿਚ ਬੁੱਧਵਾਰ ਅਤੇ ਵੀਰਵਾਰ ਨੂੰ ਭਾਰੀ ਬਰਫਬਾਰੀ ਕਾਰਨ ਘਾਟੀ ਦੇ ਪਹਾੜੀ ਇਲਾਕੇ ਵਿਚ ਕਈ ਥਾਂਵਾਂ ‘ਤੇ ਬਰਫ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ।