ਪਾਸਪੋਰਟ ਨੂੰ ਲੈ ਕੇ ਵਿਵਾਦਾਂ ‘ਚ ਵਿਰਸਾ ਸਿੰਘ ਵਲਟੋਹਾ

ਚੰਡੀਗੜ੍ਹ : ਸ਼ੋਮਣੀ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਇਕ ਵਿਵਾਦ ਕਾਰਨ ਚਰਚਾ ਵਿਚ ਹਨ। ਅੰਗੇਰਜ਼ੀ ਅਖਬਾਰ ‘ਹਿੰਦੁਸਤਾਨ ਟਾਈਮਜ਼’ ‘ਚ ਛਪੀ ਖਬਰ ਮੁਤਾਬਕ ਇਹ ਵਿਵਾਦ ਵਲਟੋਹਾ ਦੇ ਪਾਸਪੋਰਟ ‘ਤੇ ਖੜ੍ਹਾ ਹੋਇਆ ਹੈ ਕਿ ਆਖ਼ਰ ਜਦੋਂ ਉਹ 1983 ਦੌਰਾਨ ਪੱਟੀ ਦੇ ਡਾਕਟਰ ਦੇ ਹੋਏ ਕਤਲ ਕੇਸ ‘ਚੋਂ ਬਰੀ ਨਹੀਂ ਹੋਏ ਸਨ ਤਾਂ ਪੁਲਸ ਥਾਣੇ ਤੇ ਇੰਟੈਲੀਜੈਂਸ ਨੇ ਉਨ੍ਹਾਂ ਨੂੰ ਆਪਣੀਆਂ ਰਿਪੋਰਟਾਂ ਵਿਚ ‘ਕਲੀਨ–ਚਿਟ’ ਕਿਵੇਂ ਦੇ ਦਿੱਤੀ। ਉਸੇ ‘ਕਲੀਨ–ਚਿਟ’ ਦੇ ਆਧਾਰ ‘ਤੇ ਵਿਰਸਾ ਸਿੰਘ ਵਲਟੋਹਾ ਦਾ ਪਾਸਪੋਰਟ ਸਾਲ 2009 ਦੌਰਾਨ ਬਣ ਗਿਆ ਸੀ। ਹੁਣ ਜਿਹੜੀਆਂ ਪੁਲਸ ਰਿਪੋਰਟਾਂ ਰਾਹੀਂ ਵਲਟੋਹਾ ਨੂੰ ‘ਕਲੀਨ–ਚਿੱਟ’ ਮਿਲੀ ਸੀ, ਉਨ੍ਹਾਂ ਨੂੰ ਯਕੀਨੀ ਤੌਰ ‘ਤੇ ‘ਗੁੰਮਰਾਹਕੁੰਨ’ ਕਰਾਰ ਦਿੱਤਾ ਜਾ ਸਕਦਾ ਹੈ। ਇਹ ‘ਕਲੀਨ–ਚਿੱਟ’ ਉਦੋਂ ਦਿੱਤੀ ਗਈ ਸੀ ਜਦੋਂ ਉਹ 1983 ਦੌਰਾਨ ਪੱਟੀ ਦੇ ਡਾ. ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ–ਕੇਸ ਦੇ ਮੁਲਜ਼ਮਾਂ ਵਿਚੋਂ ਇਕ ਸਨ।
ਤ੍ਰੇਹਨ ਦਾ ਕਤਲ 30 ਸਤੰਬਰ, 1983 ਨੂੰ ਉਨ੍ਹਾਂ ਦੇ ਆਪਣੇ ਕਲੀਨਿਕ ਵਿਚ ਹੀ ਹੋਇਆ ਸੀ। ਇਹ ਮਾਮਲਾ ਪੱਟੀ ਥਾਣੇ ‘ਚ ਦਰਜ ਹੈ। ਇਹ ਕਤਲ ਕੇਸ ਹਾਲੇ ਵੀ ਅਣਸੁਲਝਿਆ ਪਿਆ ਹੈ। ਇਸ ਦੇ ਬਾਵਜੂਦ ਪੁਲਸ ਵੈਰੀਫ਼ਿਕੇਸ਼ਨ ਰਿਪੋਰਟ ਤਰਨ ਤਾਰਨ ਦੇ ਐੱਸ. ਐੱਸ. ਪੀ. ‘ਤੇ ਰੀਜਨਲ ਪਾਸਪੋਰਟ ਅਫ਼ਸਰ–ਅੰਮ੍ਰਿਤਸਰ ਨੂੰ ਭੇਜੀ ਗਈ ਤੇ ਵਲਟੋਹਾ ਨੂੰ 20 ਜੁਲਾਈ, 2009 ਨੂੰ ਕਲੀਨ–ਚਿਟ ਦਿੱਤੀ ਗਈ ਜਦ ਕਿ ਉਹ ਡਾਕਟਰ ਦੇ ਕਤਲ–ਕੇਸ ਵਿਚੋਂ ਬਰੀ ਵੀ ਨਹੀਂ ਹੋਏ ਸਨ।ਪੱਟੀ ਪੁਲਸ ਥਾਣੇ ਦੇ ਮੁਨਸ਼ੀ ਦੀ ਰਿਪੋਰਟ ‘ਤੇ ਐੱਸ. ਐੱਚ. ਓ. ਦੇ ਦਸਤਖ਼ਤ ‘ਤੇ ਉਸ ਦੀ ਮੋਹਰ ਅਤੇ ਸਬੰਧਤ ਡੀ. ਐੱਸ. ਪੀ. ਦੇ ਹਸਤਾਖਰ ਤੇ ਮੋਹਰ ਮੌਜੂਦ ਹਨ। ਇਨ੍ਹਾਂ ਸਾਰੇ ਪੁਲਸ ਅਧਿਕਾਰੀਆਂ ਤੋਂ ਬਕਾਇਦਾ ਸਵਾਲ ਪੁੱਛੇ ਗਏ ਸਨ ਕਿ ਕੀ ਬਿਨੈਕਾਰ ਵਿਰੁੱਧ ਕੋਈ ਅਪਰਾਧਕ ਦੋਸ਼ ਤਾਂ ਨਹੀਂ ਲੱਗੇ ਹੋਏ।
10 ਸਤੰਬਰ 2009 ਨੂੰ ਉਦੋਂ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ ਇੰਟੈਲੀਜੈਂਸ ਨੇ ਤਰਨਤਾਰਨ ਦੇ ਐੱਸ. ਐੱਸ. ਪੀ. ਨੂੰ ਚਿੱਠੀ ਭੇਜੀ ਸੀ ਤੇ ਉਸੇ ਵਰ੍ਹੇ 23 ਜੁਲਾਈ ਤੇ 7 ਸਤੰਬਰ ਨੂੰ ਐੱਸ. ਐੱਸ. ਪੀ. ਨੇ ਬਾਕਾਇਦਾ ਅਧਿਕਾਰਤ ਤੌਰ ‘ਤੇ ਜਵਾਬ ਭੇਜੇ ਸਨ, ਉਦੋਂ ਇਹ ਵੀ ਆਖਿਆ ਗਿਆ ਸੀ ਕਿ ਉਨ੍ਹਾਂ ਦੇ ਦਫ਼ਤਰ ਨੂੰ ਵਲਟੋਹਾ ਨੂੰ ਪਾਸਪੋਰਟ ਕੀਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਹੈ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਵੀ ਹੈ ਕਿ ਉਸ ਵੇਲੇ ਏ. ਡੀ. ਜੀ. ਪੀ–ਇੰਟੈਲੀਜੈਂਸ ਹੋਰ ਕੋਈ ਨਹੀਂ ਸਗੋਂ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਸਨ।
ਪੁਲਸ ਤੇ ਇੰਟੈਲੀਜੈਂਸ ਦੀਆਂ ਕਲੀਨ–ਚਿੱਟ ਮਿਲਣ ਤੋਂ ਬਾਅਦ ਵਲਟੋਹਾ ਦਾ ਪਾਸਪੋਰਟ 17 ਸਤੰਬਰ, 2009 ਨੂੰ ਜਾਰੀ ਕਰ ਦਿੱਤਾ ਗਿਆ ਸੀ, ਜਿਸ ਦੀ ਮਿਆਦ 10 ਸਾਲ ਹੈ। ਉਸ ਵੇਲੇ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਸਰਕਾਰ ਸੀ ਤੇ ਵਲਟੋਹਾ ਉਦੋਂ ਵਿਧਾਇਕ ਸਨ। ਵੈਰੀਫ਼ਿਕੇਸ਼ਨ ਰਿਪੋਰਟ ਜਾਰੀ ਕੀਤੇ ਜਾਣ ਸਮੇਂ ਜਾਂਚ ਅਧਿਕਾਰੀ ਮਲਕੀਤ ਸਿੰਘ ਸਨ ਤੇ ਐੱਸ. ਐੱਚ. ਓ. ਸੁਰਜੀਤ ਸਿੰਘ ਬੁੱਟਰ ਅਤੇ ਡੀ. ਐੱਸ. ਪੀ. ਕ੍ਰਿਪਾਲ ਸਿੰਘ ਸਨ ਜੋ ਇਸ ਵੇਲੇ ਅੰਮ੍ਰਿਤਸਰ ਸਪੈਸ਼ਲ ਟਾਸਕ ਫ਼ੋਰਸ ਨਾਲ ਹਨ। ਡੀ. ਐੱਸ. ਪੀ. ਨੇ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਸਿਰਫ਼ ਸਬੰਧਤ ਮੁਨਸ਼ੀ ਦੀ ਰਿਪੋਰਟ ‘ਤੇ ਮੋਹਰ ਲਾਉਣ ‘ਤੇ ਹਸਤਾਖਰ ਕੀਤੇ ਜਾਣ ਤੱਕ ਹੀ ਸੀਮਤ ਸੀ ਕਿਉਂਕਿ ਉਸ ਦੀ ਪੂਰੀ ਪੜਤਾਲ ਪਹਿਲਾਂ ਐੱਸ. ਐੱਚ. ਓ. ਵੱਲੋਂ ਕੀਤੀ ਜਾ ਚੁੱਕੀ ਸੀ। ਇਸ ਦੌਰਾਨ ਤਰਨਤਾਰਨ ਦੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ ਤੇ ਸਾਰੇ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ।