ਕੈਪਟਨ ਦੇ ਰਾਜ ‘ਚ ਸਰਬ ਸੰਮਤੀਆਂ ਨਹੀਂ ਜ਼ਬਰ ਸੰਮਤੀਆਂ ਹੋਈਆਂ : ਮਜੀਠੀਆ

ਅੰਮ੍ਰਿਤਸਰ – ਪੰਚਾਇਤੀ ਚੋਣਾਂ ‘ਚ ਕਾਂਗਰਸ ਨੇ ਲੋਕਤੰਤਰ ਦੀਆਂ ਅਜਿਹੀਆਂ ਧੱਜੀਆ ਉਡਾਈਆਂ ਹਨ, ਜੋ ਪਹਿਲਾਂ ਕਦੇ ਨਹੀਂ ਉਡਾਈਆਂ ਗਈਆਂ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪੰਚਾਇਤੀ ਚੋਣਾਂ ਕਰਵਾਉਣਾ ਹੀ ਨਹੀਂ ਸੀ ਚਾਹੁੰਦੀ। 13 ਹਜ਼ਾਰ ਪਿੰਡਾਂ ‘ਚੋਂ 4 ਹਜ਼ਾਰ ਪਿੰਡ ਅਜਿਹੇ ਹਨ, ਜਿਥੇ ਬਿਨ੍ਹਾਂ ਵੋਟਾਂ ਪਏ ਹੀ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਕਾਂਗਰਸ ਇਸ ਨੂੰ ਭਾਵੇ ਸਰਬਸੰਮਤੀ ਕਹਿੰਦੀ ਹੈ ਪਰ ਇਹ ਜ਼ਬਰ ਸੰਮਤੀ ਹੈ। ਹੈਰਾਨ ਕਰਨ ਵਾਲੀ ਗੱਲ ਦਾ ਇਹ ਹੈ ਕਿ 30-35 ਫੀਸਦੀ ਪਿੰਡਾਂ ‘ਚ ਵੋਟਾਂ ਪਈਆਂ ਹੀ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਚਾਇਤੀ ਚੋਣਾਂ ‘ਚ ਪੰਚਾਇਤੀ ਕੰਮ ਨੂੰ ਤਹਿਸ-ਨਹਿਸ ਕਰਨ ਦਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਦੇਸ਼ ਦਾ ਬੇੜਾਗਰਕ ਕੀਤਾ ਹੈ। ਉਨ੍ਹਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਬਾਰੇ ਬੋਲਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਬਹੁਤ ਇੱਜਤ ਕਰਦੇ ਹਨ ਅਤੇ ਉਨ੍ਹਾਂ ਦੇ ਚੰਗੇ ਕੰਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ 3 ਜਨਵਰੀ ਨੂੰ ਗੁਰਦਾਸਪੁਰ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋ ਰਹੀ ਰੈਲੀ ਦੇ ਬਾਰੇ ਕਿਹਾ ਕਿ ਉਸ ਦੀਆਂ ਤਿਆਰੀ ਕੀਤੀਆਂ ਜਾ ਰਹੀਆਂ ਹਨ। ਮੋਦੀ ਦੀ ਇਸ ਰੈਲੀ ‘ਚ ਅਸੀਂ ਉਨ੍ਹਾਂ ਦਾ ਪੂਰਾ ਸਾਥ ਦੇਵਾਂਗੇ। ਉਨ੍ਹਾਂ 550 ਸਾਲਾ ਪ੍ਰਕਾਸ਼ ਦਿਹਾੜਾ ਸਾਰਿਆਂ ਨੂੰ ਮਿਲਜੁਲ ਕੇ ਮਨਾਉਣ ਦੇ ਬਾਰੇ ਕਿਹਾ। ਉਨ੍ਹਾਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੇਕਰ ਉਸ ਨੂੰ ਕੋਈ ਪਛਤਾਵਾ ਹੈ ਤਾਂ ਸੱਚਾਈ ਦੱਸ ਦੇਵੇ। ਕਾਂਗਰਸ ਸਰਕਾਰ ਜੇਕਰ ਅਸਲ ‘ਚ ਦੰਗਾਂ ਪੀੜਤਾਂ ਨਾਲ ਹਮਦਰਦੀ ਰੱਖਦੀ ਹੈ ਤਾਂ ਉਸ ਨੂੰ ਗਾਂਧੀ ਪਰਿਵਾਰ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।