ਸਾਡੇ ਘਰਾਂ ‘ਚ ਘੁਸਪੈਠ ਕਰ ਰਹੀ ਹੈ ਭਾਜਪਾ- ਮਹਿਬੂਬਾ ਮੁਫ਼ਤੀ

ਸ਼੍ਰੀਨਗਰ— ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਪੀ.ਡੀ.ਪੀ. ਦੀ ਚੇਅਰਪਰਸਨ ਮਹਿਬੂਬਾ ਨੇ ਕਿਹਾ ਕਿ ਤਿੰਨ ਤਲਾਕ ਬਿੱਲ ਲਿਆ ਕੇ ਭਾਜਪਾ ਸਾਡੇ ਘਰਾਂ ‘ਚ ਘੁਸਪੈਠ ਕਰ ਰਹੀ ਹੈ। ਇਸ ਨਾਲ ਸਾਡੇ ਪਰਿਵਾਰਾਂ ਦੀ ਸ਼ਾਂਤੀ ਭੰਗ ਹੋਵੇਗੀ। ਇਹੀ ਨਹੀਂ ਇਸ ਨਾਲ ਔਰਤਾਂ ਅਤੇ ਪੁਰਸ਼ਾਂ ਨੂੰ ਆਰਥਿਕ ਸਮੱਸਿਆਵਾਂ ਵੀ ਹੋਣਗੀਆਂ। ਉਨ੍ਹਾਂ ਨੇ ਕਿਹਾ,”ਮੈਨੂੰ ਵਿਆਹ ਟੁੱਟਣ ਦੇ ਦਰਦ ਤੋਂ ਲੰਘਣਾ ਪਿਆ ਹੈ ਅਤੇ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਵਿਆਹ ਟੁੱਟਣ ਤੋਂ ਬਾਅਦ ਔਰਤਾਂ ਸਭ ਤੋਂ ਵਧ ਆਰਥਿਕ ਚੁਣੌਤੀ ਨਾਲ ਜੂਝਦੀਆਂ ਹਨ। ਜਦੋਂ ਅਸੀਂ ਰਾਖਵਾਂਕਰਨ ਦੀ ਗੱਲ ਕਰਦੇ ਹਾਂ ਤਾਂ ਭਾਜਪਾ ਇਸ ਨੂੰ ਧਰਮ ਦੇ ਆਧਾਰ ‘ਤੇ ਖਾਰਜ ਕਰ ਦਿੰਦੀ ਹੈ ਪਰ ਜਦੋਂ ਇਸ ਤਰ੍ਹਾਂ ਦੇ ਕਾਨੂੰਨ ਦੀ ਗੱਲ ਹੁੰਦੀ ਹੈ, ਉਦੋਂ ਉਹ ਸੰਸਦ ਚੱਲੇ ਜਾਂਦੇ ਹਨ।”
ਜ਼ਿਕਰਯੋਗ ਹੈ ਕਿ ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਨੂੰ ਪਾਸ ਕਰਵਾਉਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਸਾਹਮਣੇ ਉਸ ਨੂੰ ਰਾਜ ਸਭਾ ‘ਚ ਪਾਸ ਕਰਵਾਉਣ ਦੀ ਚੁਣੌਤੀ ਹੈ। ਸੋਮਵਾਰ ਨੂੰ ਤਿੰਨ ਤਲਾਕ ਬਿੱਲ ਨੂੰ ਰਾਜ ਸਭਾ ‘ਚ ਪੇਸ਼ ਕੀਤਾ ਜਾਣਾ ਹੈ ਪਰ ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਇਕ ਵੱਡਾ ਕਦਮ ਚੁੱਕਿਆ ਹੈ। ਸਾਂਝੀ ਵਿਰੋਧੀ ਰਣਨੀਤੀ ਦੇ ਅਧੀਨ ਸਪੀਕਰ ਨੂੰ ਚਿੱਠੀ ਲਿਖੀ ਗਈ ਹੈ ਕਿ ਰਾਜ ਸਭਾ ‘ਚ ਪੇਸ਼ ਹੋਣ ਤੋਂ ਪਹਿਲਾਂ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ।