ਰਾਸ਼ਟਰਪਤੀ ਭਵਨ ‘ਚ ਕੱਲ ਸੀ.ਆਈ.ਸੀ. ਦੇ ਤੌਰ ‘ਤੇ ਸਹੁੰ ਚੁੱਕਣਗੇ ਭਾਰਗਵ

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਸੁਧੀਰ ਭਾਰਗਵ ਨੂੰ ਨਵਾਂ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਕੇਂਦਰੀ ਸੂਚਨਾ ਕਮਿਸ਼ਨ ‘ਚ ਚਾਰ ਨਵੇਂ ਸੂਚਨਾ ਕਮਿਸ਼ਨਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ ਤੇ ਉਹ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ‘ਚ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਕੇਂਦਰੀ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਸਣੇ ਸੂਚਨਾ ਕਮਿਸ਼ਨਰਾਂ ਦੇ 11 ਮਨਜ਼ੂਰ ਅਹੁਦੇ ਹਨ ਪਰ ਉਸ ਨੂੰ ਹਾਲੇ ਸਿਰਫ ਤਿੰਨ ਸੂਚਨਾ ਕਮਿਸ਼ਨਰਾਂ ਨਾਲ ਕੰਮ ਕਰਨਾ ਪੈ ਰਿਹਾ ਸੀ।
ਸੂਤਰਾਂ ਨੇ ਦੱਸਿਆ ਕਿ ਭਾਰਗਵ ਜੋ ਕਿ ਸੀ.ਆਈ.ਸੀ. ‘ਚ ਸੂਚਨਾ ਕਮਿਸ਼ਨਰ ਹਨ, ਉਨ੍ਹਾਂ ਨੂੰ ਕਮਿਸ਼ਨ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਸਰਕਾਰੀ ਆਦੇਸ਼ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਬਕਾ ਆਈ.ਐੱਫ.ਐੱਸ. ਅਧਿਕਾਰੀ ਯਸ਼ਵਰਧਨ ਕੁਮਾਰ ਸਿਨਹਾ, ਸਾਬਕਾ ਆਈ.ਆਰ.ਐੱਸ. ਅਧਿਕਾਰੀ ਵਨਜਾ ਐੱਨ. ਸਰਨਾ, ਸਾਬਕਾ ਆਈ.ਏ.ਐੱਸ. ਨੀਰਜ ਕੁਮਾਰ ਗੁੱਪਤਾ ਤੇ ਸਾਬਕਾ ਕਾਨੂੰਨ ਸਕੱਤਰ ਸੁਰੇਸ਼ ਚੰਦਰ ਦੀ ਕੇਂਦਰੀ ਸੂਚਨਾ ਕਮਿਸ਼ਨ ‘ਚ ਸੂਚਨਾ ਕਮਿਸ਼ਨਰ ਦੇ ਰੂਪ ‘ਚ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ।
ਸਿਨਹਾ 1981 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਸਨ। ਉਹ ਬ੍ਰਿਟੇਨ ‘ਚ ਭਾਰਤ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਹਨ। ਸੀ.ਆਈ.ਓ. ‘ਚ ਸਰਨਾ ਇਕੱਲੀ ਮਹਿਲਾ ਸੂਚਨਾ ਕਮਿਸ਼ਨਰ ਹੋਣਗੀ। 1980 ਬੈਚ ਦੀ ਭਾਰਤੀ ਮਾਲੀ ਸੇਵਾ ਅਧਿਕਾਰੀ ਰਹੀ ਸਰਨਾ ਕੇਂਦਰੀ ਉਤਪਾਦ ਤੇ ਕਸਟਮ ਬੋਰਡ ਦੀ ਮੁਖੀ ਸੀ।