ਕੇਜਰੀਵਾਲ ਦੀ ਅਗਵਾਈ ‘ਚ ਹੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜੇਗੀ ‘ਆਪ’

ਨਵੀਂ ਦਿੱਲੀ— ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਹੀ ਅਗਾਮੀ ਲੋਕ ਸਭਾ ਚੋਣਾਂ 2019 ਤੇ ਉਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ 2020 ਲੜੇਗੀ। ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ‘ਚ ਰਾਸ਼ਟਰੀ ਪ੍ਰੀਸ਼ਦ ਦਾ ਕਾਰਜਕਾਲ 1 ਸਾਲ ਲਈ ਵਧਾਉਣ ਦਾ ਪ੍ਰਸਤਾਵ ਪਾਸ ਹੋ ਗਿਆ ਹੈ, ਜਿਸ ਦਾ ਮਤਲਬ ਇਹ ਹੈ ਕਿ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਾਰਜਕਾਲ ਵੀ 1 ਸਾਲ ਲਈ ਪਾਰਟੀ ਨੇ ਵਧਾ ਦਿੱਤਾ ਹੈ। ਅਰਵਿੰਦ ਕੇਜਰੀਵਾਲ ਦੂਜੀ ਵਾਰ 23 ਅਪ੍ਰੈਲ 2016 ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਬਣੇ ਸਨ ਭਾਵ ਉਨ੍ਹਾਂ ਦਾ ਕਾਰਜਕਾਲ 23 ਅਪ੍ਰੈਲ 2019 ਤਕ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਦੇ ਤੌਰ ‘ਤੇ ਹੈ।
ਆਮ ਆਦਮੀ ਪਾਰਟੀ ਦੇ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਤਿੰਨ-ਤਿੰਨ ਸਾਲ ਦੇ ਦੋ ਕਾਰਜਕਾਲ ਤੋਂ ਜ਼ਿਆਦਾ ਇਕ ਅਹੁਦੇ ‘ਤੇ ਨਹੀਂ ਰਹਿ ਸਕਦਾ। ਇਸ ਲਈ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਕੀ ਅਰਵਿੰਦ ਕੇਜਰੀਵਾਲ ਨੂੰ ਅੱਗੇ ਵੀ ਰਾਸ਼ਟਰੀ ਕਨਵੀਨਰ ਬਣਾਉਣ ਲਈ ਆਮ ਆਦਮੀ ਪਾਰਟੀ ਆਪਣੇ ਸੰਵਿਧਾਨ ‘ਚ ਸੋਧ ਕਰੇਗੀ? ਰਾਸ਼ਟਰੀ ਪ੍ਰੀਸ਼ਦ ‘ਚ ਹੋਏ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸਕੱਤਰ ਪੰਕਜ ਗੁਪਤਾ ਨੇ ਦੱਸਿਆ, ‘ਇਹ ਪ੍ਰਸਤਾਵ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ‘ਚ ਸਾਰਿਆਂ ਦੀ ਸਹਿਮਤੀ ਨਾਲ ਪਾਸ ਹੋਇਆ ਹੈ ਕਿ ਕਿਉਂਕਿ ਪ੍ਰੀਸ਼ਦ ਦਾ ਕਾਰਜਕਾਲ 23 ਅਪ੍ਰੈਲ 2019 ਨੂੰ ਖਤਮ ਹੋ ਰਿਹਾ ਹੈ ਤੇ ਉਸ ਸਮੇਂ ਦੇਸ਼ ‘ਚ ਲੋਕਸਭਾ ਚੋਣ ਚੱਲ ਰਹੇ ਹੋਣਗੇ ਤੇ ਉਸ ਦੇ ਕੁਝ ਸਮੇਂ ਬਾਅਦ ਦਿੱਲੀ ‘ਚ ਵਿਧਾਨ ਸਭਾ ਚੋਣਾਂ ਹਨ ਤੇ ਅਜਿਹੇ ‘ਚ ਪ੍ਰੀਸ਼ਦ ਦਾ ਕਾਰਜਕਾਲ 1 ਸਾਲ ਲਈ ਵਧਾ ਦਿੱਤਾ ਜਾਵੇ।’