ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਅੰਡਮਾਨ-ਨਿਕੋਬਾਰ ਟਾਪੂ ਦੇ ਆਪਣੇ ਦੌਰੇ ਦੌਰਾਨ ਕਾਰ ਨਿਕੋਬਾਰ ਸਥਿਤ ਸੁਨਾਮੀ ਸਮਾਰਕ ਪੁੱਜੇ। ਇਸ ਦੌਰਾਨ ਉਨ੍ਹਾਂ ਨੇ 2004 ‘ਚ ਭਿਆਨਕ ਸੁਨਾਮੀ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਪੀ.ਐੱਮ. ਮੋਦੀ ਐਤਵਾਰ ਨੂੰ ਅੰਡਮਾਨ ਅਤੇ ਨਿਕੋਬਾਰ ਟਾਪੂ ‘ਚ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕਰਨਗੇ। ਪ੍ਰਧਾਨ ਮੰਤਰੀ ‘ਵਾਲ ਆਫ ਲੋਸਟ ਸੋਲਜ਼’ ਇਕ ਸਮਾਰਕ ਦੀ ਨੀਂਹ ਰੱਖਣਗੇ ਅਤੇ ਮੋਮਬੱਤੀ ਜਗਾਉਣਗੇ। ਨਾਲ ਹੀ ਇੱਥੇ 150 ਫੁੱਟ ਉੱਚਾ ਤਿਰੰਗਾ ਵੀ ਲਹਿਰਾਉਣਗੇ। ਐਤਵਾਰ ਨੂੰ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਅਰੋਂਗ ‘ਚ ਇਕ ਉਦਯੋਗਿਕ ਟਰੇਨਿੰਗ ਸੰਸਥਾ ਦਾ ਉਦਘਾਟਨ ਕਰਨਗੇ ਅਤੇ ਕੁਝ ਬੁਨਿਆਦੀ ਢਾਂਚਿਆਂ ਨਾਲ ਜੁੜੇ ਪ੍ਰਾਜੈਕਟਾਂ ਦੀ ਨੀਂਹ ਰੱਖਣਗੇ। ਪੀ.ਐੱਮ. ਮੋਦੀ ਇਕ ਜਨਤਕ ਬੈਠਕ ਨੂੰ ਵੀ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਦਿਨ ‘ਚ ਉਹ ਪੋਰਟ ਬਲੇਅਰ ਦੇ ਸ਼ਹੀਦ ਸਤੰਭ ‘ਚ ਸ਼ਰਧਾਂਜਲੀ ਭੇਟ ਕਰਨਗੇ ਅਤੇ ਸ਼ਹਿਰ ਦੇ ਸੈਲਿਊਲਰ ਜੇਲ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ 7ਐੱਮ.ਡਬਲਿਊ ਸੌਰ ਊਰਜਾ ਯੰਤਰ, ਸੌਰ ਪਿੰਡ ਦਾ ਉਦਘਾਟਨ ਕਰਨਗੇ। ਉਹ ਕਈ ਵਿਕਾਸ ਪ੍ਰਾਜੈਕਟਾਂ ਦੀ ਨੀਂਹ ਰੱਖਣਗੇ ਅਤੇ ਇਕ ਸਭਾ ਨੂੰ ਸੰਬੋਧਨ ਕਰਨਗੇ। ਪੋਰਟ ਬਲੇਅਰ ‘ਚ 75 ਸਾਲ ਪਹਿਲਾਂ ਇਸੇ ਦਿਨ 1943 ‘ਚ ਪਹਿਲੀ ਵਾਰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਝੰਡਾ ਲਹਿਰਾਇਆ ਸੀ। ਇਹ ਝੰਡਾ ਆਜ਼ਾਦ ਹਿੰਦ ਫੌਜ ਦਾ ਸੀ। ਪੀ.ਐੱਮ. ਮੋਦੀ ਨੇਤਾਜੀ ਵੱਲੋਂ ਪਹਿਲੀ ਵਾਰ ਭਾਰਤੀ ਜ਼ਮੀਨ ‘ਤੇ ਤਿਰੰਗਾ ਲਹਿਰਾਏ ਜਾਣ ਦੀ 75ਵੀਂ ਵਰ੍ਹੇਗੰਢ ‘ਤੇ ਪੋਰਟ ਬਲੇਅਰ ‘ਚ ਹੋਣ ਵਾਲੇ ਪ੍ਰੋਗਰਾਮ ‘ਚ ਹਿੱਸਾ ਲੈਣਗੇ। ਇਸ ਦਿਨ ਦੀ ਯਾਦ ‘ਚ ਪੀ.ਐੱਮ. ਮੋਦੀ ਉੱਥੇ 150 ਫੁੱਟ ਉੱਚਾ ਝੰਡਾ ਵੀ ਲਹਿਰਾਉਣਗੇ। ਨੇਤਾਵਾਂ ਦੀ ਯਾਦ ‘ਚ ਪੀ.ਐੱਮ. ਮੋਦੀ ਦੀ ਇਕ ਸਮਾਰਕ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕਰਨਗੇ।