ਪੰਜਾਬ ਦੇ ਲੋਕਾਂ ਨੂੰ ਤਕੜਾ ਝਟਕਾ, ਬਿਜਲੀ ਫਿਰ ਹੋਣ ਜਾ ਰਹੀ ਹੈ ਮਹਿੰਗੀ

ਚੰਡੀਗੜ੍ਹ/ਪਟਿਆਲਾ, — ਲਗਾਤਾਰ ਬਿਜਲੀ ਦਰਾਂ ‘ਚ ਵਾਧੇ ਦੇ ਝਟਕੇ ਸਹਿ ਰਹੇ ਪੰਜਾਬ ਦੇ ਲੋਕਾਂ ਨੂੰ ਫਿਰ ਤਕੜਾ ਝਟਕਾ ਲੱਗ ਸਕਦਾ ਹੈ।ਬਿਜਲੀ 14 ਫੀਸਦੀ ਤਕ ਮਹਿੰਗੀ ਹੋ ਸਕਦੀ ਹੈ। ਇਸ ਦਾ ਕਾਰਨ ਹੈ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਿਜਲੀ ਦਰਾਂ ‘ਚ 8 ਤੋਂ 14 ਫੀਸਦੀ ਤਕ ਦਾ ਵਾਧਾ ਕੀਤੇ ਜਾਣ ਦੀ ਮੰਗ ਕੀਤੀ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਇਸ ‘ਤੇ ਅਗਲਾ ਫੈਸਲਾ ਲਿਆ ਜਾਵੇਗਾ।ਇਹ ਮੰਗ ਆਉਂਦੇ ਵਿੱਤੀ ਸਾਲ ਭਾਵ 1 ਅਪ੍ਰੈਲ 2019 ਤੋਂ 31 ਮਾਰਚ 2020 ਲਈ ਕੀਤੀ ਗਈ ਹੈ। ਕਮਿਸ਼ਨ ਨੇ ਪਿਛਲੀ ਵਾਰ ਚਾਲੂ ਵਿੱਤੀ ਸਾਲ ਲਈ ਬਿਜਲੀ ਦਰਾਂ ‘ਚ 2.17 ਫੀਸਦੀ ਵਾਧੇ ਦੀ ਮਨਜ਼ੂਰੀ ਦਿੱਤੀ ਸੀ।
ਪਾਵਰਕਾਮ ਨੇ ਕਮਿਸ਼ਨ ਕੋਲ ਦਾਇਰ ਕੀਤੀ ਆਪਣੀ ਸਾਲਾਨਾ ਮਾਲੀਆ ਰਿਪੋਰਟ (ਏ. ਆਰ. ਆਰ.) ‘ਚ ਆਖਿਆ ਹੈ ਕਿ ਬਿਜਲੀ ਖਰੀਦ ਦੀ ਲਾਗਤ 19959.34 ਕਰੋੜ ਰੁਪਏ ਹੋਵੇਗੀ।ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਖਰਚੇ 4762.4 ਕਰੋੜ ਰੁਪਏ ਹੋਣਗੇ।ਬੁਨਿਆਦੀ ਢਾਂਚੇ ਦਾ ਮੁੱਲ ਘਟਾਓ ਭਾਵ ਡੈਪਰੀਸੀਏਸ਼ਨ 1142.66 ਕਰੋੜ ਰੁਪਏ ਹੋਵੇਗਾ।ਕਰਜ਼ੇ ‘ਤੇ ਵਿਆਜ 3868.09 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।ਬਿਜਲੀ ਪੈਦਾਵਾਰ ਦੀ ਲਾਗਤ 4822.40 ਕਰੋੜ ਰੁਪਏ ਰਹਿ ਸਕਦੀ ਹੈ।ਟਰਾਂਸਮਿਸ਼ਨ ਲਈ 1332.44 ਕਰੋੜ ਰੁਪਏ ਦੀ ਅਦਾਇਗੀ ਪੀ. ਐੱਸ. ਟੀ. ਸੀ. ਐੱਲ. ਨੂੰ ਕਰਨੀ ਪਵੇਗੀ।
ਪਾਵਰਕਾਮ ਦੇ ਸੂਤਰਾਂ ਮੁਤਾਬਕ ਵਿਆਜ ਦੀ ਅਦਾਇਗੀ ਪਾਵਰਕਾਮ ਦਾ ਲੱਕ ਤੋੜ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਨੂੰ ਮੁਫਤ ਬਿਜਲੀ ਬਦਲੇ ਸਬਸਿਡੀ ਦੀ ਅਦਾਇਗੀ ਵੀ ਦੇਰੀ ਨਾਲ ਕੀਤੀ ਜਾ ਰਹੀ ਹੈ। ‘ਜਗ ਬਾਣੀ’ ਨੇ ਪਿਛਲੀ ਰਿਪੋਰਟ ‘ਚ ਸਪੱਸ਼ਟ ਕੀਤਾ ਸੀ ਕਿ ਪੰਜਾਬ ਸਰਕਾਰ ਦਸੰਬਰ ਤੱਕ ਬਣਦੀ ਰਕਮ ‘ਚੋਂ 4000 ਕਰੋੜ ਰੁਪਏ ਦੀ ਅਦਾਇਗੀ ਕਰਨ ‘ਚ ਨਾਕਾਮ ਰਹੀ ਹੈ।ਜੇਕਰ ਪਾਵਰਕਾਮ ਨੇ ਚਾਲੂ ਵਿੱਤੀ ਸਾਲ ਦੌਰਾਨ ਸਰਪਲੱਸ ਬਿਜਲੀ ਵੇਚ ਕੇ 1000 ਕਰੋੜ ਰੁਪਏ ਨਾ ਕਮਾਏ ਹੁੰਦੇ ਤਾਂ ਇਸ ਨੂੰ ਹੋਰ ਵੀ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ।ਪਾਵਰਕਾਮ ਦੇ ਸੀ. ਐੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਦੇ ਅੱਧ ‘ਚ ਪਛਵਾੜਾ ਕੋਲਾ ਖਾਨ ਸ਼ੁਰੂ ਹੋ ਜਾਣ ਨਾਲ ਪਾਵਰਕਾਮ ਨੂੰ ਤਕਰੀਬਨ 650 ਕਰੋੜ ਰੁਪਏ ਦੀ ਵਾਧੂ ਬੱਚਤ ਹੋਣੀ ਸ਼ੁਰੂ ਹੋ ਜਾਵੇਗੀ।ਇਸ ਦਾ ਬਹੁਤ ਲਾਭ ਹੋਵੇਗਾ।