ਰਾਜੀਵ ਗਾਂਧੀ ਦੇ ਬੁੱਤ ਦੀ ਤੋੜਫੋੜ ਲਈ ਸੁਖਬੀਰ ਮੁਆਫੀ ਮੰਗੇ : ਕੈਪਟਨ ਅਮਰਿੰਦਰ ਸਿੰਘ

ਕਾਨੂੰਨ ਆਪਣੇ ਹੱਥ ‘ਚ ਲੈਣ ਵਿਰੁੱਧ ਅਕਾਲੀਆਂ ਨੂੰ ਤਾੜਨਾ
ਲੁਧਿਆਣਾ ਪੁਲੀਸ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਘਟੀਆ ਸਿਆਸਤ ਖੇਡਣੀ ਬੰਦ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਚਿਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਪੁੱਠੀਆਂ ਪੈਣਗੀਆਂ।
ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਉਸ ਦੀ ਪਾਰਟੀ ਦੇ ਵਰਕਰਾਂ ਦੀ ਇਸ ਘਿਨਾਉਣੀ ਕਾਰਵਾਈ ਲਈ ਤੁਰੰਤ ਮੁਆਫੀ ਮੰਗਣ ਲਈ ਆਖਿਆ ਕਿਉਂ ਜੋ ਅਕਾਲੀ ਵਰਕਰ ਅਗਾਮੀ ਚੋਣਾਂ ਵਿੱਚ ਵੋਟਾਂ ਹਾਸਲ ਲਈ ਅਜਿਹੇ ਕਦਮ ਚੁੱਕ ਰਹੇ ਹਨ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਅਜਿਹੀਆਂ ਹੋਛੀਆਂ ਤੇ ਨਿੰਦਣਯੋਗ ਕਾਰਵਾਈਆਂ ਨਾਲ ਤਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਭਾਈਚਾਰੇ ਵਿਰੁੱਧ ਕੀਤੇ ਗੁਨਾਹਾਂ ਤੇ ਪਾਪਾਂ ਤੋਂ ਮੁਆਫੀ ਨਹੀਂ ਮਿਲਣ ਵਾਲੀ।
ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਪੁਲੀਸ ਨੂੰ ਹਿੰਸਾ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਤੁਰੰਤ ਸ਼ਨਾਖਤ ਕਰਕੇ ਉਨ੍ਹਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ।
ਅਕਾਲੀਆਂ ‘ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਦੇ 10 ਵਰ੍ਹਿਆਂ ਦੇ ਸ਼ਾਸਨਕਾਲ ਦੌਰਾਨ ਕੀਤੇ ਗੁਨਾਹਾਂ ਕਰਕੇ ਉਨ੍ਹਾਂ ਦੀ ਪਾਰਟੀ ਦੀ ਸ਼ਾਖ ਪੂਰੀ ਤਰ੍ਹਾਂ ਖੁਰ ਚੁੱਕੀ ਹੈ ਅਤੇ ਹੁਣ ਲੋਕਾਂ ਦਾ ਸਮਰਥਨ ਜੁਟਾਉਣ ਲਈ ਤਰਲੋਮੱਛੀ ਹੋ ਰਹੇ ਬਾਦਲ ਤੇ ਉਨ੍ਹਾਂ ਦੇ ਸਮਰਥਕ ਨੀਵੇਂ ਪੱਧਰ ‘ਤੇ ਡਿੱਗ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਇਸ ਗੱਲ ਦਾ ਭਲੀ-ਭਾਂਤ ਪਤਾ ਹੈ ਕਿ 1984 ਦੇ ਸਿੱਖ ਦੰਗਿਆਂ ਵਿੱਚ ਗਾਂਧੀ ਪਰਿਵਾਰ ਦਾ ਨਾਂ ਕਦੀ ਵੀ ਨਹੀਂ ਆਇਆ ਪਰ ਉਹ ਫਿਰ ਵੀ ਸਿਆਸੀ ਲਾਹਾ ਖੱਟਣ ਲਈ ਇਸ ਮਾਮਲੇ ਵਿੱਚ ਗਾਂਧੀ ਪਰਿਵਾਰ ਨੂੰ ਲਪੇਟ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਕਿਹਾ ਕਿ ’84 ਦੇ ਸਿੱਖ ਦੰਗਿਆਂ ਵਿਰੁੱਧ ਹਿੰਸਾ ਵਿੱਚ ਕੁਝ ਕੁ ਕਾਂਗਰਸੀਆਂ ਤੋਂ ਇਲਾਵਾ ਭਾਜਪਾ ਅਤੇ ਆਰ.ਐਸ.ਐਸ. ਦੇ ਵਰਕਰਾਂ ਵੀ ਸ਼ਾਮਲ ਸਨ ਅਤੇ ਅਦਾਲਤਾਂ ਇਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਆਪਣਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ ਅਤੇ ਦੰਗਿਆਂ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਦੰਗਿਆਂ ਦੇ ਮੱਦੇਨਜ਼ਰ ਗਾਂਧੀ ਪਰਿਵਾਰ ਦੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਹੁੰਦੀ ਤਾਂ ਪੀੜਤਾਂ ‘ਚੋਂ ਕੁਝ ਲੋਕ ਤਾਂ ਉਨ੍ਹਾਂ ਦਾ ਨਾਂ ਲੈਂਦੇ। ਮੁੱਖ ਮੰਤਰੀ ਨੇ ਕਿਹਾ ਕਿ ਦੰਗਿਆਂ ਤੋਂ ਬਾਅਦ ਉਹ ਤਾਂ ਨਿੱਜੀ ਤੌਰ ‘ਤੇ ਪੀੜਤਾਂ ਨੂੰ ਮਿਲਣ ਲਈ ਸ਼ਰਨਾਰਥੀ ਕੈਂਪਾਂ ਵਿੱਚ ਗਏ ਹਨ ਜਦਕਿ ਸੁਖਬੀਰ ਆਪਣਾ ਬੋਰੀ-ਬਿਸਤਰਾ ਗੋਲ ਕਰਕੇ ਅਮਰੀਕਾ ਚਲਾ ਗਿਆ ਸੀ ਜਿਸ ਕਰਕੇ ਉਸ ਨੂੰ ਉਸ ਵੇਲੇ ਵਾਪਰੀਆਂ ਘਟਨਾਵਾਂ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਿਰਾਸ਼ਾ ‘ਚ ਡੁੱਬੇ ਅਕਾਲੀ ਸਿਆਸੀ ਲਾਹਾ ਖੱਟਣ ਲਈ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਰਹੇ ਹਨ ਜਿਸ ਦੀ ਉਨ੍ਹਾਂ ਦੀ ਸਰਕਾਰ ਕਿਸੇ ਵੀ ਕੀਮਤ ‘ਤੇ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਸੂਬੇ ਵਿੱਚ ਸਖ਼ਤ ਘਾਲਣਾ ਘਾਲ ਕਰਕੇ ਹਾਸਲ ਕੀਤੀ ਅਮਨ-ਸ਼ਾਂਤੀ ਵਿੱਚ ਕਿਸੇ ਨੂੰ ਵੀ ਵਿਘਨ ਨਹੀਂ ਪਾਉਣ ਦੇਣਗੇ।