ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਗੀਬੀਲ ਪੁਲ ਤੋਂ ਲੰਘਣ ਵਾਲੀ ਪਹਿਲੀ ਯਾਤਰੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਦੇਸ਼ ਦੇ ਸਭ ਤੋਂ ਲੰਬੇ ਇਸ ਰੇਲ-ਸੜਕ ਪੁਲ ਦਾ ਉਦਘਾਟਨ ਕੀਤਾ।ਮੋਦੀ ਅਸਮ ਦੇ ਰਾਜਪਾਲ ਜਗਦੀਸ਼ ਮੁਖੀ ਅਤੇ ਮੁੱਖ ਮੰਤਰੀ ਸਰਵਾਨੰਦ ਨਾਲ ਪੁਲ ‘ਤੇ ਕੁਝ ਮੀਟਰ ਤਕ ਪੈਦਲ ਚਲੇ। ਤਿਨਸੁਕਿਆ-ਨਾਹਰਲਗੁਨ ਇੰਟਰਸਿਟੀ ਐਕਸਪ੍ਰੈੱਸ ਹਫਤੇ ‘ਚ ਪੰਜ ਦਿਨ ਚਲੇਗੀ। ਇਸ ਪੁਲ ਦੇ ਨਿਰਮਾਣ ‘ਚ 5900 ਕਰੋੜ ਰੁਪਏ ਦਾ ਖਰਚ ਆਇਆ ਹੈ। ਕੁੱਲ 14 ਕੋਚਾਂ ਵਾਲੀ ਇਹ ਚੇਅਰ ਕਾਰ ਰੇਲਗੱਡੀ ਤਿਨਸੁਕਿਆ ਤੋਂ ਦੁਪਹਿਰ ‘ਚ ਰਵਾਨਾ ਹੋਵੇਗੀ ਅਤੇ ਨਾਹਰਲਗੁਨ ਤੋਂ ਸਵੇਰੇ ਵਾਪਸੀ ਕਰੇਗੀ।
ਅਰੁਣਾਚਲ ਪ੍ਰਦੇਸ਼ ‘ਚ ਚੀਨ ਦੀਆਂ ਚੁਣੌਤੀਆਂ ਅਤੇ ਸੈਨਾ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖ ਕੇ ਹੀ ਇਸ ਪੁੱਲ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਨਾਲ ਭਾਰਤੀ ਸੈਨਿਕਾਂ ਨੂੰ ਕਾਫੀ ਲਾਭ ਹੋਵੇਗਾ। ਪੀ.ਐੱਮ. ਮੋਦੀ, ਸਵ. ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਜਯੰਤੀ ‘ਤੇ ਇਸ ਬੋਗੀਬੀਲ ਪੁੱਲ ‘ਤੇ ਰੇਲ ਆਵਾਜਾਈ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਡਿਬਰੂਗੜ੍ਹ ਤੋਂ ਸ਼ੁਰੂ ਹੋ ਕੇ ਇਸ ਪੁਲ ਦਾ ਸਮਾਪਨ ਅਸਮ ਦੇ ਧੇਮਾਜੀ ਜ਼ਿਲੇ ਤੋਂ ਹੁੰਦਾ ਹੈ। ਇਹ ਪੁਲ ਅਰੁਣਾਚਲ ਪ੍ਰਦੇਸ਼ ਦੇ ਭਾਗਾਂ ਨੂੰ ਸੜਕਾਂ ਦੇ ਨਾਲ-ਨਾਲ ਰੇਲਵੇ ਨਾਲ ਜੋੜੇਗਾ। ਅਸਮ ਸਮਝੌਤੇ ਦਾ ਹਿੱਸਾ ਰਹੇ ਬੋਗੀਬੀਲ ਪੁਲ ਨੂੰ 1997-98 ‘ਚ ਮਨਜ਼ੂਰੀ ਦਿੱਤੀ ਗਈ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਪੁਲ ਅਰੁਣਾਚਲ ਪ੍ਰਦੇਸ਼ ‘ਚ ਭਾਰਤ-ਚੀਨ ਸੀਮਾ ਦੇ ਕੋਲ ਰੱਖਿਆ ਗਤੀਵਿਧੀਆਂ ‘ਚ ਇਕ ਮਹੱਤਵਪੂਰਣ ਭੂਮਿਕਾ ਨਿਭਾਏਗਾ।