ਸਬਰੀਮਾਲਾ: ਨਕਸਲੀ ਮਾਨਸਿਕਤਾ ਵਾਲੇ ਲੋਕ ਔਰਤਾਂ ਨੂੰ ਭੜਕਾ ਰਹੇ ਹਨ

ਨਵੀਂ ਦਿੱਲੀ— ਕੇਰਲ ਦੇ ਪ੍ਰਸਿੱਧ ਸਬਰੀਮਾਲਾ ਮੰਦਰ ‘ਚ ਔਰਤਾਂ ਦੇ ਪ੍ਰਵੇਸ਼ ਦੇ ਮੁੱਦੇ ‘ਤੇ ਇਕ ਵਾਰ ਫਿਰ ਤਣਾਅ ਦੀ ਸਥਿਤੀ ਹੈ। ਔਰਤਾਂ ਦਾ ਇਕ ਸਮੂਹ ਐਤਵਾਰ ਨੂੰ ਵੀ ਭਗਵਾਨ ਅਯੱਪਾ ਦੇ ਦਰਸ਼ਨ ਲਈ ਪੁੱਜਿਆ, ਜਿਸ ਦਾ ਭਾਰੀ ਵਿਰੋਧ ਹੋ ਰਿਹਾ ਹੈ। ਔਰਤਾਂ ਦਰਸ਼ਨ ਦੀ ਜਿੱਦ ‘ਤੇ ਅੜੀਆਂ ਹਨ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਇਸ ਸਿਲਸਿਲੇ ‘ਚ ਗ੍ਰਿਫਤਾਰ ਵੀ ਕੀਤਾ ਹੈ। ਇਸ ਦੌਰਾਨ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਇਸ ਪੂਰੀ ਕਵਾਇਦ ਨੂੰ ਨਕਸਲੀ ਮਾਨਸਿਕਤਾ ਵਾਲੇ ਲੋਕਾਂ ਦੀ ਕਰਤੂਤ ਕਰਾਰ ਦਿੱਤਾ। ਸਵਾਮੀ ਨੇ ਕਿਹਾ ਕਿ ਨਕਸਲੀ ਮਾਨਸਿਕਤਾ ਵਾਲੇ ਲੋਕ ਔਰਤਾਂ ਨੂੰ ਭੜਕਾ ਰਹੇ ਹਨ। ਉਨ੍ਹਾਂ ਨੇ ਕੇਰਲ ਸਰਕਾਰ ‘ਤੇ ਵੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ,”ਨਕਸਲੀ ਮਾਨਸਿਕਤਾ ਵਾਲੇ ਲੋਕ ਔਰਤਾਂ ਨੂੰ ਭੜਕਾ ਰਹੇ ਹਨ। ਅੱਜ ਇੱਥੇ ਅਸਥਿਰਤਾ ਦਾ ਮਾਹੌਲ ਹੈ। ਮੈਨੂੰ ਲੱਗਦਾ ਹੈ ਕਿ ਔਰਤਾਂ ਨੂੰ ਨਕਸਲੀ ਮਾਨਸਿਕਤਾ ਵਾਲੇ ਲੋਕ ਭੜਕਾ ਰਹੇ ਹਨ, ਜੋ ਹਿੰਦੂ ਧਰਮ ਤੋਂ ਨਫ਼ਰਤ ਕਰਦੇ ਹਨ। ਕਮਿਊਨਿਸਟ ਸਰਕਾਰ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।”
ਉਨ੍ਹਾਂ ਦੀ ਇਹ ਪ੍ਰਤੀਕਿਰਿਆ ਭਗਵਾਨ ਅਯੱਪਾ ਦੇ ਦਰਸ਼ਨ ਲਈ ਔਰਤਾਂ ਦੇ ਇਕ ਸਮੂਹ ਦੇ ਐਤਵਾਰ ਤੜਕੇ ਕਰੀਬ 3.30 ਵਜੇ ਪੰਬਾ ਬੇਸ ਕੈਂਪ ਪੁੱਜਣ ਤੋਂ ਬਾਅਦ ਆਈ ਹੈ। ਔਰਤਾਂ ਦੇ ਇਸ ਸਮੂਹ ‘ਚ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਹਨ, ਜਿਨ੍ਹਾਂ ਦੇ ਮੰਦਰ ‘ਚ ਪ੍ਰਵੇਸ਼ ‘ਤੇ ਰਵਾਇਤੀ ਰੋਕ ਹੈ। ਔਰਤਾਂ ਦੇ ਮੰਦਰ ਕੰਪਲੈਕਸ ‘ਚ ਲਗਭਗ 5 ਕਿਲੋਮੀਟਰ ਦੂਰ ਰਵਾਇਤੀ ਜੰਗਲ ਦੇ ਰਸਤੇ ਦੇ ਮਾਧਿਅਮ ਨਾਲ ਅਯੱਪਾ ਮੰਦਰ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਪਰ ਸ਼ਰਧਾਲੂਆਂ ਦੇ ਭਾਰੀ ਵਿਰੋਧ ਕਾਰਨ ਉਹ ਅੱਗੇ ਨਹੀਂ ਵਧ ਸਕੀਆਂ। ਭਾਰੀ ਵਿਰੋਧ ਦਰਮਿਆਨ 6-11 ਔਰਤਾਂ ਦੇ ਹੀ ਅੱਗੇ ਨਿਕਲ ਪਾਉਣ ਦੀ ਸੂਚਨਾ ਹੈ। ਸਬਰੀਮਾਲਾ ਮੰਦਰ ‘ਚ ਪ੍ਰਵੇਸ਼ ਦੀ ਜਿੱਤ ‘ਤੇ ਅੜੀਆਂ ਔਰਤਾਂ ਦਾ ਕਹਿਣਾ ਹੈ ਕਿ ਪੁਲਸ ਨੇ ਪਹਿਲਾਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਗੱਲ ਕਹੀ ਸੀ ਪਰ ਇੱਥੇ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ। ਇਹ ਔਰਤਾਂ ਚੇਨਈ ਦੇ ਸੰਗਠਨ ‘ਮਨੀਤੀ’ ਦੀ ਅਗਵਾਈ ‘ਚ ਇੱਥੇ ਪੁੱਜੀਆਂ ਹਨ। ਸਮੂਹ ਦੀ ਆਗੂ ਸੇਲਵੀ ਨੇ ਕਿਹਾ ਕਿ ਪੁਲਸ ਉਨ੍ਹਾਂ ਨੂੰ ਵਾਪਸ ਜਾਣ ਲਈ ਕਹਿ ਰਹੀ ਹੈ ਪਰ ਉਹ ਬਿਨਾਂ ਦਰਸ਼ਨ ਕੀਤੇ ਨਹੀਂ ਜਾਣਗੀਆਂ।