ਬਿਹਾਰ: ਲੋਕ ਸਭਾ ਚੋਣਾਂ ਲਈ NDA ‘ਚ ਸੀਟਾਂ ਦੀ ਹੋਈ ਵੰਡ

ਨਵੀਂ ਦਿੱਲੀ— ਬਿਹਾਰ ‘ਚ 2019 ਦੀਆਂ ਲੋਕ ਸਭਾ ਚੋਣਾਂ ਲਈ ਐੱਨ.ਡੀ.ਏ. ‘ਚ ਸੀਟਾਂ ਦੀ ਵੰਡ ਹੋ ਗਈ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਘਰ ਹੋਈ ਬੈਠਕ ਤੋਂ ਬਾਅਦ ਭਾਜਪਾ-ਜੇ.ਡੀ.ਯੂ.-ਐੱਲ.ਜੇ.ਪੀ. ਦੀ ਸੰਯੁਕਤ ਪ੍ਰੈੱਸ ਕਾਨਫਰੰਸ ‘ਚ ਇਸ ਦਾ ਐਲਾਨ ਕੀਤਾ ਗਿਆ ਹੈ। ਇਸ ਬੈਠਕ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਅਤੇ ਉਨ੍ਹਾਂ ਦੇ ਬੇਟੇ ਸੰਸਦ ਮੈਂਭਰ ਚਿਰਾਗ ਪਾਸਵਾਨ ਵੀ ਮੌਜੂਦ ਰਹੇ। ਇਸ ਐਲਾਨ ਤੋਂ ਬਾਅਦ ਸ਼ਾਹ ਨੇ ਜਿੱਥੇ 2019 ‘ਚ 2014 ਤੋਂ ਵਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ, ਉੱਥੇ ਹੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਐੱਨ.ਡੀ.ਏ. ਬਿਹਾਰ ‘ਚ 2009 ਤੋਂ ਵੀ ਵਧ ਸੀਟਾਂ ਜਿੱਤੇਗੀ। ਘਰ ‘ਤੇ ਬੈਠਕ ਤੋਂ ਬਾਅਦ ਅਮਿਤ ਸ਼ਾਹ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਲੰਬੀ ਚਰਚਾ ਤੋਂ ਬਾਅਦ ਤੈਅ ਹੋਇਆ ਹੈ ਕਿ ਭਾਜਪਾ-ਜੇ.ਡੀ.ਯੂ. 17-17 ਅਤੇ ਐੱਲ.ਜੇ.ਪੀ. 6 ਲੋਕ ਸਭਾ ਸੀਟਾਂ ‘ਤੇ ਚੋਣਾਂ ਲੜੇਗੀ। ਸ਼ਾਹ ਨੇ ਕਿਹਾ,”ਰਾਮਵਿਲਾਸ ਪਾਸਵਾਨ ਨੂੰ ਅੱਗੇ ਆਉਣ ਵਾਲੀਆਂ ਰਾਜ ਸਭਾ ਚੋਣਾਂ ‘ਚ ਐੱਨ.ਡੀ.ਏ. ਦਾ ਉਮੀਦਵਾਰ ਬਣਾਇਆ ਜਾਵੇਗਾ।” ਭਾਜਪਾ ਪ੍ਰਧਾਨ ਨੇ ਕਿਹਾ,”ਐੱਨ.ਡੀ.ਏ. ਦੀ ਗਠਜੋੜ ਦੀ ਮਜ਼ਬੂਤੀ ਨੂੰ ਦੇਖ ਕੇ ਤਿੰਨੋਂ ਪਾਰਟੀਆਂ ਨੇ ਫੈਸਲਾ ਲਿਆ ਹੈ। ਜਲਦ ਹੀ ਐੱਨ.ਡੀ.ਏ. ਦਾ ਸਿਆਸੀ ਏਜੰਡਾ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ।” ਇਸ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਜਦੋਂ ਅਮਿਤ ਸ਼ਾਹ ਨੇ ਐਲਾਨ ਕਰ ਦਿੱਤਾ ਤਾਂ ਉਸ ਤੋਂ ਬਾਅਦ ਕੁਝ ਬੋਲਣ ਦੀ ਲੋੜ ਨਹੀਂ ਹੈ, ਅਸੀਂ ਸਾਰੇ ਮਿਲ ਕੇ ਅੱਗੇ ਤੈਅ ਕਰਾਂਗੇ, ਕਿਸ ਸੀਟ ‘ਤੇ ਕੌਣ ਲੜੇਗਾ। ਅੱਜ ਯਾਨੀ ਐਤਵਾਰ ਨੂੰ ਸੀਟ ਸ਼ੇਅਰਿੰਗ ਤੈਅ ਹੋ ਗਈ ਹੈ। ਬਿਹਾਰ ਦੇ ਮੁੱਖ ਮੰਤਰੀ ਨੇ ਕਿਹਾ,”ਅਸੀਂ ਬਿਹਾਰ ‘ਚ ਚੰਗੀ ਸਫ਼ਲਤਾ ਹਾਸਲ ਕਰਾਂਗੇ। ਮੈਨੂੰ ਲੋੜ ਤੋਂ ਵਧ ਬੋਲਣ ਦੀ ਆਦਤ ਨਹੀਂ ਹੈ। 2009 ‘ਚ ਬਿਹਾਰ ‘ਚ ਭਾਜਪਾ ਅਤੇ ਜੇ.ਡੀ.ਯੂ. ਦਾ ਗਠਜੋੜ ਸੀ, ਬਿਹਾਰ ‘ਚ 40 ‘ਚੋਂ 32 ਸੀਟਾਂ ਅਸੀਂ ਹਾਸਲ ਕੀਤੀਆਂ ਸਨ। 2009 ਤੋਂ ਵੀ ਵਧ ਸੀਟਾਂ ‘ਤੇ ਜਿੱਤਾਂਗੇ। ਅਸੀਂ ਲੋਕ ਮਿਲ ਕੇ ਮਜ਼ਬੂਤ ਮੁਹਿੰਮ ਚਲਾਵਾਂਗੇ।”
ਐੱਨ.ਡੀ.ਏ. ‘ਚ ਸੀਟ ਸ਼ੇਅਰਿੰਗ ਦਾ ਫਾਰਮੂਲਾ ਤੈਅ ਹੋਣ ਤੋਂ ਬਾਅਦ ਪਾਸਵਾਨ ਵੀ ਕਾਫੀ ਸਹਿਜ ਨਜ਼ਰ ਆਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਗਠਜੋੜ ਪਾਰਟੀਆਂ ਦਰਮਿਆਨ ਸਭ ਕੁਝ ਠੀਕ ਸੀ ਅਤੇ ਅੱਗੇ ਵੀ ਰਹੇਗਾ। ਹਾਲਾਂਕਿ ਪਿਛਲੇ ਦਿਨੀਂ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਨੇ ਸੀਟ ਸ਼ੇਅਰਿੰਗ ਨੂੰ ਲੈ ਕੇ ਭਾਜਪਾ ‘ਤੇ ਦਬਾਅ ਬਣਾਇਆ ਸੀ। ਇਸ ਤੋਂ ਬਾਅਦ ਪਾਸਵਾਨ ਦੇ ਐੱਨ.ਡੀ.ਏ. ਤੋਂ ਨਿਕਲਣ ਦਾ ਸ਼ੱਕ ਵੀ ਜ਼ਾਹਰ ਕੀਤਾ ਜਾ ਰਿਹਾ ਸੀ। ਐਤਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਪਾਸਵਾਨ ਨੇ ਕਿਹਾ ਕਿ ਮੈਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਨਿਤੀਸ਼ ਕੁਮਾਰ ਅਤੇ ਅਰੁਣ ਜੇਤਲੀ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹੁੰਦਾ ਹਾਂ। ਸਾਡੇ ਅੰਦਰ ਕਦੇ ਕੁਝ ਗੜਬੜ ਨਹੀਂ ਸੀ। ਅਗਲੀ ਵਾਰ ਫਿਰ ਮੋਦੀ ਦੀ ਲੀਡਰਸ਼ਿਪ ‘ਚ ਐੱਨ.ਡੀ.ਏ. ਦੀ ਸਰਕਾਰ ਬਣੇਗੀ। ਬਿਹਾਰ ‘ਚ 40 ‘ਚੋਂ 40 ਸੀਟਾਂ ਦਾ ਟਾਰਗੇਟ ਹੈ।