ਕਾਂਗਰਸ ਨੇ ਹਮੇਸ਼ਾ ਧੱਕੇਸ਼ਾਹੀ ਨਾਲ ਰਾਜ ਕੀਤਾ : ਸੁਖਬੀਰ

ਫਿਰੋਜ਼ਪੁਰ  – ਪੰਜਾਬ ‘ਚ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਦੀ ਕੁਰਸੀ ‘ਤੇ ਕਾਬਜ਼ ਹੋਈ, ਉਦੋਂ ਇਸ ਪਾਰਟੀ ਨੇ ਧੱਕੇਸ਼ਾਹੀ ਨਾਲ ਹੀ ਰਾਜ ਕੀਤਾ। ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠੇ ਸੁਪਨੇ ਵਿਖਾ ਕੇ ਵੋਟਾਂ ਬਟੋਰਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਥੋੜ੍ਹੇ ਸਮੇਂ ‘ਚ ਮੋਹ ਭੰਗ ਹੋ ਚੁੱਕਾ ਹੈ ਤੇ ਅੱਜ ਹਰ ਵਰਗ ਦੇ ਲੋਕ ਇਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਦੁਖੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਫਿਰੋਜ਼ਪੁਰ ਫੇਰੀ ਦੌਰਾਨ ਅਕਾਲੀ ਪਾਰਟੀ ਦੇ ਸੀਨੀਅਰ ਲੀਡਰ ਰਾਤਿੰਦਰ ਸਿੰਘ ਨੀਲੂ ਸਾਈਆਂਵਾਲਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ, ਅਸ਼ੀਸਪ੍ਰੀਤ ਸਿੰਘ ਸਾਈਆਂਵਾਲਾ ਯੂਥ ਸੀਨੀ. ਆਗੂ, ਜਸਵਿੰਦਰ ਸਿੰਘ ਕਿੱਲੀ, ਮੋਟੂ ਵੋਹਰਾ ਸ਼ਹਿਰੀ ਪ੍ਰਧਾਨ ਆਦਿ ਮੌਜੂਦ ਸਨ।

ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ, ਪਹਿਲਾਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ‘ਚ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਅਤੇ ਹੁਣ ਪੰਚਾਇਤੀ ਚੋਣਾਂ ‘ਚ ਅਕਾਲੀ ਆਗੂਆਂ ਨੂੰ ਐੱਨ. ਓ. ਸੀ. ਨਹੀਂ ਦਿੱਤੇ ਤੇ ਕਾਗਜ਼ ਦਾਖਲ ਨਹੀਂ ਕਰਨ ਦਿੱਤੇ, ਜਿਸ ਤੋਂ ਸਾਫ ਜ਼ਾਹਿਰ ਹੋਇਆ ਹੈ ਕਿ ਲੋਕਤੰਤਰ ਦੀ ਹਤਿਆ ਕਰਕੇ ਚੋਣਾਂ ‘ਚ ਸਰਬਸੰਮਤੀਆਂ ਕਰਕੇ ਆਪਣੇ ਸਰਪੰਚ ਬਣੇ ਹਨ। ਕਾਂਗਰਸ ਨੂੰ ਚਲਦਾ ਕਰਨ ਲਈ ਉਹ ਲੋਕ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਮੌਕੇ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਫਿਰੋਜ਼ਪੁਰ ਦੇ ਲੋਕਾਂ ਨੂੰ ਜਲਦ ਹੀ ਵੱਡਾ ਲੀਡਰ ਮਿਲੇਗਾ, ਜੋ ਉਨ੍ਹਾਂ ਦੀਆਂ ਆਸਾਂ ‘ਤੇ ਪੂਰੀ ਖਰਾ ਉਤਰੇਗਾ, ਜਿਸ ਦਾ ਨਾਂ ਅਜੇ ਅਕਾਲੀ ਵਰਕਰਾਂ ਲਈ ਸਪਰਾਇਜ਼ ਹੈ। ਇਸ ਮੌਕੇ ਬਲਵਿੰਦਰ ਸਿੰਘ ਸਾਈਆਂਵਾਲਾ, ਪੂਰਨ ਸਿੰਘ, ਨਛੱਤਰ ਸਿੰਘ ਖਾਈ, ਲਾਲ ਸਿੰਘ ਖਾਈ, ਸੰਦੀਪ ਕੁਮਾਰ, ਡਾ. ਹਰਸ਼ ਭੋਲਾ ਆਦਿ ਮੌਜੂਦ ਸਨ।