ਡੋਨਾਲਡ ਟਰੰਪ ਨਾਲ ਮਤਭੇਦਾਂ ਦੇ ਚੱਲਦਿਆਂ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਂਟਿਸ ਨੇ ਦਿੱਤਾ ਅਸਤੀਫਾ

ਟਰੰਪ ਨੇ ਟਵੀਟ ਕਰਕੇ ਕੀਤੀ ਪੁਸ਼ਟੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੱਤਭੇਦਾਂ ਦੇ ਚੱਲਦਿਆਂ ਰੱਖਿਆ ਮੰਤਰੀ ਜੇਮਸ ਮੈਂਟਿਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਟਰੰਪ ਨੇ ਇਸਦੀ ਪੁਸ਼ਟੀ ਕਰਦੇ ਹੋਏ ਟਵੀਟ ਵੀ ਕੀਤਾ ਹੈ ਅਤੇ ਕਿਹਾ ਕਿ ਜਲਦੀ ਹੀ ਨਵੇਂ ਰੱਖਿਆ ਮੰਤਰੀ ਦਾ ਐਲਾਨ ਕਰ ਦਿੱਤਾ ਜਾਵੇਗਾ। ਮੈਂਟਿਸ ਦਾ ਇਹ ਅਸਤੀਫਾ ਟਰੰਪ ਵਲੋਂ ਸੀਰੀਆ ਵਿਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਸੰਕੇਤ ਤੋਂ ਬਾਅਦ ਆਇਆ ਹੈ। ਮੈਂਟਿਸ ਨੇ ਟਰੰਪ ਨੂੰ ਭੇਜੇ ਗਏ ਅਸਤੀਫੇ ਵਿਚ ਲਿਖਿਆ ਕਿ ਉਨ੍ਹਾਂ ਲਈ ਅਹੁਦਾ ਛੱਡਣ ਦਾ ਸਹੀ ਸਮਾਂ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਕੋਲ ਅਜਿਹਾ ਰੱਖਿਆ ਮੰਤਰੀ ਹੋਣਾ ਚਾਹੀਦਾ ਹੈ ਜਿਸਦੇ ਵਿਚਾਰ ਇਨ੍ਹਾਂ ਮਾਮਲਿਆਂ ਅਤੇ ਹੋਰ ਮੁੱਦਿਆਂ ਤੇ ਉਸ ਨਾਲੋਂ ਬਿਹਤਰ ਮੇਲ ਖਾਂਦੇ ਹੋਣ। ਮੈਂਟਿਸ ਦਾ ਨਾਮ ਟਰੰਪ ਪ੍ਰਸ਼ਾਸਨ ਦੇ ਉਨ੍ਹਾਂ ਸੀਨੀਅਰ ਅਧਿਕਾਰੀਆਂ ਦੀ ਲੰਬੀ ਸੂਚੀ ਵਿਚ ਜੁੜ ਗਿਆ ਹੈ ਜਿਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਹੈ ਜਾਂ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।