ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 867

ਤੁਹਾਨੂੰ ਆਪਣੇ ਦੋਸਤਾਂ ਦੀ ਸੂਚੀ ਤਿਆਰ ਕਰਨ ਵਿੱਚ ਤਾਂ ਕੋਈ ਮੁਸ਼ਕਿਲ ਨਹੀਂ ਆਵੇਗੀ? ਆਪਣੇ ਦੁਸ਼ਮਣਾਂ ਦੇ ਮਾਮਲੇ ਵਿੱਚ ਇੰਝ ਕਰਨਾ ਸ਼ਾਇਦ ਤੁਹਾਡੇ ਲਈ ਓਨਾ ਸੌਖਾ ਨਾ ਹੋਵੇ, ਪਰ ਫ਼ਿਰ ਵੀ ਤੁਸੀਂ ਉਹ ਤਿਆਰ ਕਰ ਸਕਦੇ ਹੋ। ਮਸਲਾ ਹੈ ਇਨ੍ਹਾਂ ਦੋਹਾਂ ਦੇ ਵਿਚਕਾਰ ਵਾਲੇ ਲੋਕਾਂ ਦੀ ਸ਼ਿਨਾਖ਼ਤ ਕਰਨ ਦਾ। ਉਹ ਲੋਕ ਜਿਹੜੇ ਸਾਡੇ ਲਈ ਆਪਣੇ ਉਸ ਅੰਦਰੂਨੀ ਮਾਨਸਿਕ ਕਾਊਂਟਰ ‘ਤੇ ਰੈਜਿਸਟਰ ਕਰਨੇ ਔਖੇ ਹੋਣ ਜਿਸ ਦਾ ਇਸਤੇਮਾਲ ਅਸੀਂ ਸਾਰੇ ਹੀ ਦੂਸਰਿਆਂ ਨੂੰ ਜਾਂਚਣ ਲਈ ਕਰਦੇ ਹਾਂ। ਇਹ ਉਹ ਲੋਕ ਹਨ ਜਿਨ੍ਹਾਂ ਬਾਰੇ ਸਾਨੂੰ ਇਹ ਪੱਕਾ ਪਤਾ ਨਹੀਂ ਹੁੰਦਾ ਕਿ ਅਸੀਂ ਉਨ੍ਹਾਂ ਬਾਰੇ ਕੀ ਸੋਚਦੇ ਹਾਂ। ਉਹੀ ਜਿਨ੍ਹਾਂ ਬਾਰੇ ਅਸੀਂ ਸੋਚਦੇ ਤਾਂ ਹਾਂ ਕਿ ਉਹ ਸਾਨੂੰ ਪਸੰਦ ਆਉਣੇ ਚਾਹੀਦੇ ਹਨ ਪਰ, ਕਿਸੇ ਨਾ ਕਿਸੇ ਕਾਰਨ, ਅਸੀਂ ਰਹਿੰਦੇ ਹਮੇਸ਼ਾ ਉਨ੍ਹਾਂ ਤੋਂ ਚੌਕੰਨੇ ਹੀ ਹਾਂ। ਆਪਣੇ ਅਪਰਿਭਾਸ਼ਿਤ ਸਬੰਧਾਂ ਨੂੰ ਵਿਚਾਰਨ ਲਈ ਵੀ ਕੁੱਝ ਸਮਾਂ ਜ਼ਰੂਰ ਖ਼ਰਚ ਕਰੋ। ਕੋਈ ਅਜਿਹਾ ਜਿਸ ਨੂੰ ਤੁਸੀਂ ਥੋੜ੍ਹਾ ਬਹੁਤ ਜਾਣਦੇ ਹੋ ਤੁਹਾਡੇ ਬਹੁਤ ਜ਼ਿਆਦਾ ਕੰਮ ਆ ਸਕਦੈ।

ਸਾਡੇ ਖ਼ਬਰਾਂ ਦੇ ਸਾਰੇ ਚੈਨਲ ਅੱਜਕੱਲ੍ਹ ਮਾਰ ਮਰੱਈਏ ਅਤੇ ਦੁੱਖ ਦਰਦਾਂ ਦੀਆਂ ਕਹਾਣੀਆਂ ਨਾਲ ਇੰਨੇ ਜ਼ਿਆਦਾ ਤੂੜੇ ਰਹਿੰਦੇ ਹਨ ਕਿ ਸਾਕਾਰਾਤਮਕ ਬਣੇ ਰਹਿਣਾ ਬਹੁਤ ਹੀ ਮੁਸ਼ਕਿਲ ਹੋ ਜਾਂਦੈ। ਇੰਝ ਜਾਪਦੈ ਕਿ ਅਜੋਕੇ ਦੌਰ ਵਿੱਚ ਕੋਈ ਉਤਸਾਹਜਨਕ ਖ਼ਬਰ ਲੱਭਣ ਲਈ ਤੁਹਾਨੂੰ ਪਹਿਲਾਂ ਨਾਲੋਂ ਕਿਤੇ ਵੱਧ ਮੁਸ਼ੱਕਤ ਕਰਨੀ ਪੈਣੀ ਹੈ। ਕੀ ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੇ ਆਪ ਨੂੰ ਨਿਰਾਸ਼ਾ ਵਿੱਚ ਗਰਕ ਹੋਣ ਦੇਈਏ? ਕੀ ਅਸੀਂ ਕਦੇ ਅਤੇ ਕਿਸੇ ਵੀ ਤਰ੍ਹਾਂ ਸੁਰੱਖਿਅਤ ਅਤੇ ਮਹਿਫ਼ੂਜ਼ ਮਹਿਸੂਸ ਨਹੀਂ ਕਰ ਸਕਾਂਗੇ? ਇਸ ਧਰਤੀ ‘ਤੇ ਪਰਿਵਰਤਨਸ਼ੀਲਤਾ ਅਤੇ ਅਨਿਸ਼ਚਿਤਤਾ ਕੁਦਰਤੀ ਤੌਰ ‘ਤੇ ਜੀਵਨ ਦਾ ਸੁਭਾਅ ਹਨ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੰਭਾਵਿਤ ਤਬਦੀਲੀਆਂ ਵੀ ਸ਼ੁੱਭ ਸੁਨੇਹੇ ਲਿਆ ਸਕਦੀਆਂ ਹਨ। ਜਿਹੜਾ ਆਨੰਦ ਤੁਹਾਡਾ ਇੰਤਜ਼ਾਰ ਕਰ ਰਿਹੈ ਉਸ ਨੂੰ ਨਜ਼ਰ ਅੰਦਾਜ਼ ਨਾ ਕਰੋ ਬੇਸ਼ੱਕ ਉਹ ਅਸਥਿਰਤਾ ਵਿੱਚ ਹੀ ਕਿਉਂ ਨਾ ਹੋਵੇ।

ਤੁਸੀਂ ਨੋਟਿਸ ਤਾਂ ਕਰ ਹੀ ਲਿਆ ਹੋਣੈ ਕਿ ਸਾਡਾ ਗ੍ਰਹਿ ਅਜਿਹੇ ਲੋਕਾਂ ਨਾਲ ਭੱਰਿਆ ਪਿਐ ਜਿਨ੍ਹਾਂ ਨੂੰ ਪੂਰੇ ਭਰੋਸੇ ਨਾਲ ਹਰ ਸ਼ੈਅ ਦਾ ਜਵਾਬ ਪਤੈ। ਜੇ ਅਸੀਂ ਸੁਪਰ ਲੱਕੀ ਨਹੀਂ ਤਾਂ ਫ਼ਿਰ ਹੋਰ ਕੀ ਹਾਂ? ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਵੀ ਸਾਡੇ ਮਨ ਵਿੱਚ ਕੋਈ ਸਵਾਲ ਖੜ੍ਹਾ ਹੋਵੇ, ਉਹ ਸਾਡੇ ਸ਼ੰਕਿਆਂ ਵਲੋਂ ਪੈਦਾ ਕੀਤੀ ਗਈ ਸਾਰੀ ਖ਼ਾਲੀ ਜਗ੍ਹਾ ਭਰਨ ਲਈ ਤਿਆਰ ਹਨ। ਪਰ ਇਸ ਨਾਲ ਮਸਲਾ ਸਿਰਫ਼ ਇੰਨਾ ਹੈ ਕਿ ਆਪਣੀ ਅਕਲ ਵਿਚਲੀ ਕਮੀ ਅਸੀਂ ਸਿਰਫ਼ ਦੂਸਰਿਆਂ ਦੀਆਂ ਥਿਊਰੀਆਂ ਨਾਲ ਨਹੀਂ ਭਰ ਸਕਦੇ। ਬਹੁਤ ਕੁੱਝ ਅਜਿਹਾ ਹੋਵੇਗਾ ਜਿਹੜਾ ਸਾਡੀ ਸਮਝ ਤੋਂ ਬਾਹਰ ਹੋਵੇਗਾ। ਉਹ ਕੇਵਲ ਇਸ ਲਈ ਕਿਉਂਕਿ ਅਸੀਂ ਕਹਾਣੀ ਤਾਂ ਹਾਲੇ ਸ਼ੁਰੂ ਹੀ ਕੀਤੀ ਹੈ। ਇੱਕ ਵਾਰ ਜਦੋਂ ਤੁਹਾਡੀ ਜ਼ਿੰਦਗੀ ਦਾ ਨਵਾਂ ਅਧਿਆਏ ਚੱਲਣਾ ਸ਼ੁਰੂ ਹੋ ਗਿਆ ਤਾਂ ਚੀਜ਼ਾਂ ਸਮਝ ਵਿੱਚ ਵਧੇਰੇ ਪੈਣ ਲੱਗਣਗੀਆਂ।

ਅਸੀਂ ਸਾਰੇ 21ਵੀਂ ਸਦੀ ਦੇ ਡਰਾਮਾ ਕੁਈਨਜ਼ ਅਤੇ ਕਿੰਗਜ਼ ਹਾਂ, ਭਾਵ ਸਾਡੇ ਸਭ ਦੇ ਅੰਦਾਜ਼ ਬਹੁਤ ਨਾਟਕੀ ਹਨ। ਦਬਾਅ, ਜਲਦਬਾਜ਼ੀ ਅਤੇ ਸੰਕਟ ਸਾਡੀ ਖ਼ੁਰਾਕ ਹਨ। ਜੇਕਰ ਕੁੱਝ ਕਰਨ ਦਾ ਕੋਈ ਗਰਮਾ-ਗਰਮ ਕਾਰਨ ਨਾ ਹੋਵੇ ਤਾਂ ਸਾਨੂੰ ਇੰਝ ਲੱਗਦੈ ਜਿਵੇਂ ਸਾਡੀਆਂ ਜ਼ਿੰਦਗੀਆਂ ਵਿੱਚ ਕਿਸੇ ਮਹੱਤਵਪੂਰਨ ਤੱਤ ਦੀ ਘਾਟ ਹੋ ਗਈ ਹੈ। ਜੇਕਰ ਅਸੀਂ ਸ਼ਾਂਤੀ, ਖ਼ਾਮੋਸ਼ੀ ਅਤੇ ਸਕੂਨ ਨਾਲ ਬਸਰ ਕਰ ਰਹੇ ਹੋਈਏ ਤਾਂ ਸਾਨੂੰ ਜਾਪਦੈ ਕਿ ਜ਼ਰੂਰ ਕੁੱਝ ਨਾ ਕੁੱਝ ਗ਼ਲਤ ਹੋ ਗਿਆ ਹੋਣੈ। ਕਈ ਵਾਰ, ਪਰ, ਕਿਸੇ ਸ਼ੱਕੀ ਯੋਜਨਾ ਦਾ ਨਿਸ਼ਚੇਪੂਰਵਕ ਪਿੱਛਾ ਕਰਨ ਦੀ ਬਜਾਏ ਕੋਈ ਵੀ ਐਕਸ਼ਨ ਨਾ ਲੈਣਾ ਬਿਹਤਰ ਹੁੰਦੈ। ਕਈ ਵਾਰ, ਅਸੀਂ ਕੇਵਲ ਆਪਣੇ ਪੈਰ ਆਰਾਮ ਨਾਲ ਪਸਾਰ ਕੇ, ਬਿਨਾ ਕੁੱਝ ਕੀਤੇ, ਕੁਦਰਤ ਨੂੰ ਉਸ ਦੀ ਆਪਣੀ ਚਾਲੇ ਤੁਰਨ ਦੇਣ ਨਾਲ ਹੀ ਉਹ ਸਾਰੀ ਪ੍ਰਗਤੀ ਹਾਸਿਲ ਕਰ ਸਕਦੇ ਹਾਂ ਜਿਹੜੀ ਸਾਨੂੰ ਚਾਹੀਦੀ ਹੋਵੇ। ਤੁਸੀਂ ਉਹ ਸਭ ਕੁੱਝ ਕਰ ਰਹੇ ਹੋ ਜੋ ਤੁਹਾਨੂੰ ਕਰਨ ਦੀ ਲੋੜ ਹੈ। ਹੁਣ ਸਿਰਫ਼ ਰੀਲੈਕਸ ਕਰੋ …

ਤੁਸੀਂ ਜਿਹੜੀ ਜ਼ੁਬਾਨ ਮਰਜ਼ੀ ਬੋਲਦੇ ਹੋਵੋ, ਕੁੱਝ ਲਫ਼ਜ਼ਾਂ ਦੇ ਇੱਕ ਤੋਂ ਜ਼ਿਆਦਾ ਮਾਇਨੇ ਹੁੰਦੇ ਹਨ। ਤੁਹਾਨੂੰ ਇਹ ਬੜੇ ਧਿਆਨ ਨਾਲ ਸੁਣਨਾ ਅਤੇ ਸਮਝਣਾ ਪੈਂਦੈ ਕਿ ਕੋਈ ਲਫ਼ਜ਼ ਕਿਸੇ ਸਤਰ ਵਿੱਚ ਕਿਸ ਤਰ੍ਹਾਂ ਲਗਾਇਆ ਗਿਆ ਹੈ ਨਹੀਂ ਤਾਂ ਤੁਹਾਨੂੰ ਵਾਕਈ ਇਹ ਸਮਝ ਨਹੀਂ ਆਵੇਗਾ ਕਿ ਕਿਹਾ ਕੀ ਜਾ ਰਿਹੈ। ਕਹੇ ਗਏ ਸਾਰੇ ਸ਼ਬਦ ਤੁਹਾਨੂੰ ਸੰਦਰਭ ਵਿੱਚ ਪਾਉਣੇ ਪੈਣਗੇ। ਸਾਡੇ ‘ਚੋਂ ਕੁੱਝ ਲੋਕ ਆਪਣੀ ਗੱਲ ਪੂਰੀ ਤਰ੍ਹਾਂ ਸਮਝਾਉਣ ਲਈ ਆਪਣੀ ਬੌਡੀ ਲੈਂਗੁਏਜ ਦਾ ਵੀ ਇਸਤੇਮਾਲ ਕਰਦੇ ਹਨ ਅਤੇ ਮਤਲਬ ਸਮਝਾਉਣ ਲਈ ਉਹ ਸ਼ਬਦਾਂ ਦੀ ਬਜਾਏ ਆਪਣੀਆਂ ਨਜ਼ਰਾਂ ਦੇ ਇਸ਼ਾਰਿਆਂ ਨੂੰ ਵਰਤਦੇ ਹਨ। ਜੋ ਤੁਹਾਡੇ ਆਲੇ ਦੁਆਲੇ ਵਾਪਰ ਰਿਹੈ, ਜੇਕਰ ਉਸ ਦਾ ਤਰਜਮਾ ਕਰਨ ਵਿੱਚ ਤੁਹਾਨੂੰ ਦਿੱਕਤ ਪੇਸ਼ ਆ ਰਹੀ ਹੈ ਤਾਂ ਸਭ ਤੋਂ ਸਾਕਾਰਾਤਮਕ ਵਿਆਖਿਆ ਲੱਭਣ ਦੀ ਕੋਸ਼ਿਸ਼ ਕਰੋ।