ਅਗਸਤਾ ਵੈਸਟਲੈਂਡ: ਮਿਸ਼ੇਲ ਦੀ ਜ਼ਮਾਨਤ ਬਾਰੇ ਫੈਸਲਾ 22 ਦਸੰਬਰ ਤੱਕ ਰਾਖਵਾਂ

ਨਵੀਂ ਦਿੱਲੀ-ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦਾ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਕਥਿਤ ਵਿਚੌਲੇ ਮਿਸ਼ੇਲ ਦੀ ਜ਼ਮਾਨਤ ਦੀ ਪਟੀਸ਼ਨ ’ਤੇ ਫੈਸਲਾ 22 ਦਸੰਬਰ ਤਕ ਲਈ ਰਾਖਵਾਂ ਰੱਖ ਲਿਆ। 57 ਸਾਲਾ ਮਿਸ਼ੇਲ ਨੇ ਅਦਾਲਤ ਨੂੰ ਕਿਹਾ ਕਿ ਪੁੱਛਗਿਛ ਲਈ ਉਸ ਨੂੰ ਹੁਣ ਹੋਰ ਹਿਰਾਸਤ ’ਚ ਰੱਖਣ ਦੀ ਲੋੜ ਨਹੀਂ। ਮਿਸ਼ੇਲ ਨੂੰ 4 ਦਸੰਬਰ ਨੂੰ ਭਾਰਤ ਲਿਆਂਦਾ ਗਿਆ ਸੀ।
ਮਿਸ਼ੇਲ ਦੇ ਵਕੀਲ ਕੋਰਟ ‘ਚ ਸੁਣਵਾਈ ਦੇ ਦੌਰਾਨ ਦੱਸਿਆ ਹੈ ਕਿ ਮਿਸ਼ੇਲ ਦੀ ਸਿਹਤ ਠੀਕ ਨਹੀਂ ਹੈ। ਉਹ ਡਿਸਲੈਕਸੀਆ ਤੋਂ ਪੀੜਤ ਹੈ। ਸੀ. ਬੀ. ਆਈ. ਇਸ ਦਾਅਵੇ ਨੂੰ ਜਾਂਚਣ ਦੇ ਲਈ ਉਸ ਤੋਂ ਕਰਸਿਵ ਅੰਗਰੇਜੀ ਲਿਖਵਾ ਰਹੀ ਹੈ। ਸੀ. ਬੀ. ਆਈ. ਨੇ ਮਿਸ਼ੇਲ ਦੇ ਵਕੀਲ ਦੇ ਇਨ੍ਹਾਂ ਦੋਸ਼ਾਂ ਦਾ ਵਿਰੋਧ ਕੀਤਾ ਅਤੇ ਕਿਹਾ ਹੈ ਕਿ ਕ੍ਰਿਸ਼ਚੀਅਨ ਜਾਂਚ ‘ਚ ਸਹਿਯੋਗ ਨਹੀਂ ਕਰ ਰਿਹਾ ਹੈ ਅਤੇ ਇਸ ਮਾਮਲੇ ‘ਚ ਹੁਣ ਤੱਕ ਕਾਫੀ ਪੜਤਾਲ ਹੋਣੀ ਹਾਲੇ ਬਾਕੀ ਹੈ।
ਮਿਸ਼ੇਲ ਦੇ ਵਕੀਲ ਅਲਜੋ ਜੋਸੇਫ ਨੇ ਕਿਹਾ ਹੈ ਕਿ ਉਸ ਦਾ ਕਲਾਇੰਟ ਕਾਫੀ ਕਮਜ਼ੋਰ ਹੋ ਚੁੱਕਾ ਹੈ, ਉਹ ਸੀ. ਬੀ. ਆਈ. ਦੀ ਅਪੀਲ ‘ਤੇ ਪਹਿਲਾਂ ਹੀ ਦੁਬਈ ‘ਚ 5 ਮਹੀਨਿਆਂ ਤੋਂ ਹਿਰਾਸਤ ‘ਚ ਰਹਿ ਚੁੱਕਾ ਹੈ। ਵਕੀਲ ਦੀਆਂ ਦਲੀਲਾਂ ‘ਤੇ ਸੀ. ਬੀ. ਆਈ. ਨੇ ਕਿਹਾ ਹੈ ਕਿ ਮਿਸ਼ੇਲ ਦੀ ਕਾਫੀ ਪਹੁੰਚ ਹੈ ਅਤੇ ਉਹ ਜਮਾਨਤ ਲੈ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਸੀ. ਬੀ. ਆਈ. ਨੇ ਕਿਹਾ ਹੈ ਭਾਰਤ ਹਵਾਲਗੀ ਤੋਂ ਪਹਿਲਾਂ ਮਿਸ਼ੇਲ ਨੇ ਦੁਬਈ ਤੋਂ ਹੀ ਭੱਜਣ ਦਾ ਯਤਨ ਕੀਤਾ। ਕੋਰਟ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਹੈ। ਇਸ ਤੋਂ ਇਲਾਵਾ 4 ਦਸੰਬਰ ਨੂੰ ਮਿਸ਼ੇਲ ਦੁਬਈ ਤੋਂ ਹਵਾਲਗੀ ਕਰ ਕੇ ਦਿੱਲੀ ਲਿਆਂਦਾ ਸੀ। ਉਸ ਸਮੇਂ ਤੋਂ ਹੀ ਉਹ ਸੀ. ਬੀ. ਆਈ. ਦੀ ਹਿਰਾਸਤ ‘ਚ ਹੈ।