’84 ਸਿੱਖ ਵਿਰੋਧੀ ਦੰਗਿਆਂ ‘ਚ ਸ਼ਾਮਲ ਹੋਰਾਂ ਨੂੰ ਵੀ ਹੋਵੇ ਸਜ਼ਾ : ਲੌਂਗੋਵਾਲ

ਨਾਭਾ— ਪਿਛਲੇ 34 ਸਾਲਾਂ ਤੋਂ 84 ਦੰਗਿਆਂ ਦੇ ਪੀੜਤ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਭੜਕ ਰਹੇ ਸਨ ਅਤੇ ਪਿਛਲੇ ਦਿਨੀਂ ਮਾਨਯੋਗ ਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾ ਕੇ ਉਨ੍ਹਾਂ ਦੇ ਹਿਰਦਿਆਂ ਨੂੰ ਸਾਂਤ ਕੀਤਾ ਹੈ ਅਤੇ ਇਹ ਫੈਸਲਾ ਦੇਰ ਨਾਲ ਜਰੂਰ ਆਇਆ ਹੈ, ਜੋ ਕਿ ਸਮੇਂ ਮੌਜੂਦਾ ਕੇਂਦਰ ਸਰਕਾਰ ਵੱਲੋਂ ਤੇਜੀ ਨਾਲ ਕੀਤੀ ਪੈਰਵਾਈ ਕਰਕੇ ਹੋਇਆ ਹੈ। ਇਹ ਵਿਚਾਰ ਨਾਭਾ ਨੇੜਲੇ ਪਿੰਡ ਫੈਜਗੜ੍ਹ•ਵਿਖੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੇ।| ਉਨ੍ਹਾਂ ਕਿਹਾ ਕਿ ਮਾਨਯੋਗ ਕੋਰਟ ਨੂੰ ਚਾਹੀਦਾ ਹੈ ਕਿ 84 ਦੇ ਦੰਗਿਆਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਵੀ ਜਲਦ ਤੋਂ ਜਲਦ ਸਜ਼ਾ ਦੇਵੇ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਇਨਸਾਫ ਲਈ ਭਟਕ ਰਹੇ ਪੀੜਤਾਂ ਨੂੰ ਇਨਸਾਫ ਮਿਲ ਸਕੇ|ਮੱਧ ਪ੍ਰਦੇਸ ਦੇ ਮੁੱਖ ਮੰਤਰੀ ਬਣੇ ਕਮਲ ਨਾਥ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕਮਲ ਨਾਥ ਨੂੰ ਮੁੱਖ ਮੰਤਰੀ ਬਣਾ ਕੇ 84 ਦੇ ਪੀੜਤਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ, ਜਿਸਨੂੰ ਉਹ ਸਹਿਣ ਨਹੀਂ ਕਰਨਗੇ, ਇਹ ਇਸ ਕਰਕੇ ਹੋ ਰਿਹਾ ਹੈ ਕਿਉਂ ਜੋ ਕਾਂਗਰਸ ਪਾਰਟੀ ਦੋਸ਼ੀਆਂ ਨੂੰ ਬਚਾਉਣ ‘ਚ ਜੁਟੀ ਹੋਈ ਹੈ।|ਉਨ੍ਹਾਂ ਮਾਨਯੋਗ ਕੋਰਟ ਵਲੋਂ ਕੀਤੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫੈਸਲਾ ਲੰਮਾਂ ਸਮਾਂ ਪਹਿਲਾਂ ਆਉਣਾ ਚਾਹੀਦਾ ਸੀ, ਕਿਉਂਕਿ ਜੋ 84 ਸਿੱਖ ਕਤਲੇਆਮ ਸਿੱਖ ਕੌਮ ਲਈ ਨਾ-ਭੁੱਲਣਯੋਗ ਘਟਨਾ ਹੈ।| ਇਸ ਮੌਕੇ ਮੈਂਬਰ ਐਸ.ਜੀ.ਪੀ.ਸੀ. ਸਤਵਿੰਦਰ ਸਿੰਘ ਟੌਹੜਾ, ਮੈਨੇਜਰ ਹਰਮਿੰਦਰ ਸਿੰਘ, ਕਥਾਵਾਚਕ ਭਾਈ ਰਾਜਿੰਦਰਪਾਲ ਸਿੰਘ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।