‘ਰਾਫੇਲ ਖਰੀਦ ਸਮਝੌਤਾ’ ਮੁੱਦੇ ਸਬੰਧੀ ਭਾਜਪਾ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

ਲੁਧਿਆਣਾ : ਰਾਫੇਲ ਖਰੀਦ ਸਮਝੌਤੇ ਦੇ ਮੁੱਦੇ ‘ਤੇ ਕਾਂਗਰਸ ਵਲੋਂ ਭਾਜਪਾ ‘ਤੇ ਲਾਏ ਗਏ ਦੋਸ਼ਾਂ ਤੋਂ ਬਾਅਦ ਭਾਜਪਾ ਵਰਕਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ। ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਜਤਿੰਦਰ ਮਿੱਤਲ ਅਤੇ ਮਹਾਂਮੰਤਰੀ ਪਰਵੀਨ ਬਾਂਸਲ ਤੋਂ ਇਲਾਵਾ ਵੀ ਕਈ ਭਾਜਪਾ ਵਰਕਰ ਮੌਜੂਦ ਰਹੇ। ਇਸ ਦੌਰਾਨ ਜਤਿੰਦਰ ਮਿੱਤਲ ਨੇ ਕਿਹਾ ਕਿ ਰਾਫੇਲ ਖਰੀਦ ਸਮਝੌਤੇ ‘ਤੇ ਕਾਂਗਰਸ ਸਰਕਾਰ ਵਲੋਂ ਲਗਾਤਾਰ ਭਾਜਪਾ ‘ਤੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਅਦਾਲਤ ‘ਚ 4 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ ਅਤੇ ਪਟੀਸ਼ਨਾਂ ‘ਚ ਫੈਸਲਾ ਪ੍ਰਕਿਰਿਆ ਕੇਂਦਰ ਅਤੇ ਆਫਸੈੱਟ ਪਾਰਟਨਰ ਨੂੰ ਲੈ ਕੇ 3 ਵਿਸ਼ੇ ਪ੍ਰਮੁੱਖਤਾ ਨਾਲ ਚੁੱਕੇ ਗਏ ਸਨ।
ਜਤਿੰਦਰ ਮਿੱਤਲ ਨੇ ਕਿਹਾ ਕਿ 14 ਦਸੰਬਰ ਨੂੰ ਅਦਾਲਤ ਨੇ ਸਾਰੀਆਂ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਯਮਾਂ ਦੇ ਮੁਤਾਬਕ ਪਾਇਆ ਹੈ। ਮਿੱਤਲ ਨੇ ਕਿਹਾ ਕਾਂਗਰਸ ਸਰਕਾਰ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਕਾਰਨ ਡਿਪਟੀ ਕਮਿਸਨਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਤਾਂ ਜੋ ਕਾਂਗਰਸ ਵਲੋ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ‘ਤੇ ਰੋਕ ਲਾਈ ਜਾ ਸਕੇ।