ਰਾਫੇਲ ਡੀਲ: ਸੁਪਰੀਮ ਕੋਰਟ ਨੂੰ ਪੇਸ਼ ਕੀਤੇ ਗਏ ਗਲਤ ਤੱਤ- ਸਿੱਬਲ

ਨਵੀਂ ਦਿੱਲੀ— ਰਾਫੇਲ ਡੀਲ ‘ਤੇ ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹਾ ਕੋਈ ਕਾਰਨ ਨਹੀਂ ਹੈ, ਜਿਸ ਲਈ ਅਦਾਲਤ ਨੂੰ ਦਖਲਅੰਦਾਜ਼ੀ ਕਰਨ ਦੀ ਲੋੜ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਇਕ-ਦੂਜੇ ਦੇ ਆਹਮਣੇ-ਸਾਹਮਣੇ ਹਨ। ਭਾਜਪਾ ਦੇ ਨੇਤਾਵਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਦੇਸ਼ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈ ਪਰ ਕਾਂਗਰਸ ਨੇ ਕਿਹਾ ਕਿ ਸਰਕਾਰ ਨੇ ਇਸ ਮੁੱਦੇ ‘ਤੇ ਸੁਪਰੀਮ ਕੋਰਟ ਨੂੰ ਗੁੰਮਰਾਹ ਕੀਤਾ ਹੈ। ਕਪਿਲ ਸਿੱਬਲ ਨੇ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ ਨੂੰ ਗਲਤ ਤੱਤ ਪੇਸ਼ ਕਰ ਕੇ ਅਦਾਲਤ ਨੂੰ ਸਹੀ ਫੈਸਲਾ ਨਹੀਂ ਕਰਨ ਦਿੱਤਾ। ਉਨ੍ਹਾਂ ਦੀ ਸੋਚ ਹੈ ਕਿ ਪੀ.ਏ.ਸੀ. ਨੂੰ ਅਟਾਰਨੀ ਜਨਰਲ ਨੂੰ ਆਪਣੇ ਸਾਹਮਣੇ ਪੇਸ਼ ਕਰਨਾ ਚਾਹੀਦਾ। ਪੀ.ਏ.ਸੀ. ਨੂੰ ਇਹ ਪੁੱਛਣਾ ਚਾਹੀਦਾ ਕਿ ਅਦਾਲਤ ਨੂੰ ਗਲਤ ਤੱਤ ਕਿਉਂ ਦੱਸੇ ਗਏ। ਇਹ ਇਕ ਗੰਭੀਰ ਮਾਮਲਾ ਹੈ, ਜਿਸ ‘ਚ ਨਿਰਪੱਖ ਜਾਂਚ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਹਮਲਾਵਰ ਅੰਦਾਜ ‘ਚ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਉਹ ਅੱਜ ਵੀ ਇਸ ਬਿਆਨ ‘ਤੇ ਕਾਇਮ ਹਨ ਕਿ ਚੌਕੀਦਾਰ ਚੋਰ ਹੈ। ਰਾਫੇਲ ‘ਚ ਨਾ ਤਾਂ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੋਸ਼ੀ ਹਨ ਅਤੇ ਨਾ ਹੀ ਮੌਜੂਦਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ। ਇਸ ਮਾਮਲੇ ‘ਚ ਸਿਰਫ ਅਤੇ ਸਿਰਫ 2 ਸ਼ਖਸ ਨਰਿੰਦਰ ਮੋਦੀ ਅਤੇ ਅਨਿਲ ਅੰਬਾਨੀ ਜ਼ਿੰਮੇਵਾਰ ਹਨ। ਜੇਕਰ ਰਾਫੇਲ ਦੀ ਨਿਰਪੱਖ ਜਾਂਚ ਕਰਵਾਈ ਗਈ ਤਾਂ ਸਿਰਫ 2 ਨਾਂ ਸਾਹਮਣੇ ਆਉਣਗੇ, ਜਿਸ ‘ਚ ਨਰਿੰਦਰ ਮੋਦੀ ਅਤੇ ਅਨਿਲ ਅੰਬਾਨੀ ਦਾ ਨਾਂ ਸ਼ਾਮਲ ਹੋਵੇਗਾ।