ਛੱਤੀਸਗੜ੍ਹ ‘ਚ ਕੌਣ ਹੋਵੇਗਾ ਸੀ. ਐੱਮ, ਫਸਿਆ ਪੇਚ

ਨਵੀਂ ਦਿੱਲੀ— ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਮੁੱਖ ਮੰਤਰੀ ਦਾ ਐਲਾਨ ਕਰਨ ਤੋਂ ਬਾਅਦ ਛੱਤੀਸਗੜ੍ਹ ਦੇ ਸੀ. ਐੱਮ. ਅਹੁਦੇ ‘ਤੇ ਕਾਂਗਰਸ ਦਾ ਪੇਚ ਫਸਿਆ ਹੋਇਆ ਹੈ। ਛੱਤੀਸਗੜ੍ਹ ਦਾ ਸੀ. ਐੱਮ. ਕੌਣ ਹੋਵੇਗਾ, ਇਸ ‘ਤੇ ਅਜੇ ਫੈਸਲਾ ਨਹੀਂ ਲਿਆ ਜਾ ਸਕਿਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਾਂਗ ਅੱਜ ਵੀ ਟਵਿੱਟਰ ‘ਤੇ ਛੱਤੀਸਗੜ੍ਹ ਦੇ ਸਾਰੇ ਸੀ. ਐੱਮ. ਦਾਅਵੇਦਾਰਾਂ ਨਾਲ ਤਸਵੀਰ ਤਾਂ ਜਾਰੀ ਕਰ ਦਿੱਤੀ ਪਰ ਸੀ. ਐੱਮ. ਕੌਣ ਹੋਵੇਗਾ, ਇਸ ‘ਤੇ ਪਾਰਟੀ ਨੇ ਅਜੇ ਤਕ ਕੁਝ ਨਹੀਂ ਕਿਹਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੱਲ 12 ਵਜੇ ਰਾਏਪੁਰ ਵਿਚ ਵਿਧਾਇਕ ਦਲ ਦੀ ਬੈਠਕ ਹੋਵੇਗੀ। ਇਸ ਬੈਠਕ ਵਿਚ ਸੀ. ਐੱਮ. ਦੇ ਨਾਂ ‘ਤੇ ਆਖਰੀ ਮੋਹਰ ਲੱਗੇਗੀ।
ਰਾਹੁਲ ਗਾਂਧੀ ਨੇ ਤਸਵੀਰ ਜਾਰੀ ਕਰਦੇ ਹੋਏ ਕਿਹਾ, ”ਇਕ ਟੀਮ ਦੇ ਤੌਰ ‘ਤੇ ਖੇਡ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ।”
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਦੇ ਚਾਰ ਸੰਭਾਵਿਤ ਦਾਅਵੇਦਾਰਾਂ— ਟੀ. ਐੱਸ. ਸਿੰਘ ਦੇਵ, ਤਾਮਰਧਵਜ ਸਾਹੂ, ਭੂਪੇਸ਼ ਬਘੇਲ ਅਤੇ ਚਰਨ ਦਾਸ ਮਹੰਤ ਨਾਲ ਆਪਣੇ ਘਰ ‘ਚ ਮੁਲਾਕਾਤ ਕੀਤੀ ਅਤੇ ਸਲਾਹ-ਮਸ਼ਵਰਾ ਕੀਤਾ। ਸੂਤਰਾਂ ਨੇ ਦੱਸਿਆ ਕਿ ਬੈਠਕ ਵਿਚ ਕੇਂਦਰੀ ਸੁਪਰਵਾਈਜ਼ਰ ਮਲਿਕਾ ਅਰਜੁਨ ਖੜਗੇ, ਪਾਰਟੀ ਦੇ ਛੱਤੀਸਗੜ੍ਹ ਮਾਮਲਿਆਂ ਦੇ ਮੁਖੀ ਪੀ. ਐੱਲ. ਪੂਨੀਆ ਵੀ ਸ਼ਾਮਲ ਹੋਏ। ਇਸ ਬੈਠਕ ਵਿਚ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੀ ਧੀ ਪ੍ਰਿਯੰਕਾ ਵਾਡਰਾ ਵੀ ਮੌਜੂਦ ਸੀ।